ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨਾਲ ਸਾਂਝ ਨਾ ਰੱਖਣ ਲਈ ਯੂ.ਕੇ. ਦੇ ਸਿੱਖਾਂ ਨੂੰ ਕੱਢੇ ਜਾ ਰਹੇ ਤਰਲਿਆਂ ਦਾ ਦਿੱਲੀ ਕਮੇਟੀ ਨੇ ਜਵਾਬ ਦਿੱਤਾ ਹੈ। ਬਿਆਨ ਵਿਚ ਸਰਨਾ ਭਰਾਵਾਂ ਨੂੰ ਭੁਲੇਖਿਆਂ ‘ਚ ਜ਼ਿੰਦਗੀ ਜੀਣ ਦੀ ਗੱਲ ਕਹੀ ਗਈ ਹੈ। ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਨੂੰ ਯੂ.ਕੇ. ਦੇ ਸਿੱਖਾਂ ਨੂੰ ਅਪੀਲਾਂ ਕਰਨ ਤੋਂ ਪਹਿਲਾਂ ਆਪਣੀ ਪਾਰਟੀ ਦੀ ਯੂਥ ਵਿੰਗ ਵਿਚ ਪਈ ਫੁੱਟ ਨੂੰ ਸਾਂਭਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਸਲਾਹ ਦਿੰਦੀਆਂ ਕਿਹਾ ਕਿ ਜਿਹੜੇ ਇਨਸਾਨ ਆਪਣੀ ਪਾਰਟੀ ਦੇ ਕਾਰਕੂਨਾ ਨੂੰ ਇੱਕ ਝੰਡੇ ਥੱਲ੍ਹੇ ਇਕੱਤਰ ਨਹੀਂ ਰੱਖ ਸਕਦੇ ਉਹ ਵਿਦੇਸ਼ੀਂ ਵਸਦੇ ਸਿੱਖਾਂ ਨੂੰ ਪੰਥ ਭਲਾਈ ਦੇ ਹੌਕੇ ਦੇਣ ਤੋਂ ਗੁਰੇਜ ਕਰਨ। ਬੀਤੇ ਦਿਨੀਂ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦੇ ਦਰਬਾਰ ਹਾਲ ਦੇ ਮੁਖ ਦਰਵਾਜ਼ੇ ‘ਤੇ ਕਮੇਟੀ ਖਿਲਾਫ਼ ਪ੍ਰਦਰਸ਼ਨ ਦੌਰਾਨ ਸਰਨਾ ਦਲ ਦੇ ਨੌਜਵਾਨ ਆਗੂਆਂ ਵਿਚ ਸੰਗਤਾਂ ਦੇ ਸਾਹਮਣੇ ਹੋਏ ਗਾਲ੍ਹਾਂ ਦੀ ਬੁਛਾੜ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਸਵਾਲ ਕੀਤਾ ਕਿ ਦਿੱਲੀ ਦੀ ਸੰਗਤ ਵੱਲੋਂ ਘਰ ਬਿਠਾ ਦਿੱਤੇ ਗਏ ਸਰਨਾ ਦਲ ਨੂੰ ਵਿਦੇਸ਼ਾਂ ’ਚ ਪੁੱਛਦਾ ਕੌਣ ਹੈ? ਦਿੱਲੀ ਕਮੇਟੀ ਦੀ ਐਫ਼.ਡੀ.ਆਰਜ. ਬਾਰੇ ਸਰਨਾ ਵੱਲੋਂ ਜਤਾਏ ਗਏ ਖਦਸਿਆਂ ਨੂੰ ਵੀ ਕਮੇਟੀ ਨੇ ਗਲਤ ਦੱਸਿਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਕਮੇਟੀ ਦੇ ਚੁਨਿੰਦਾ ਸਟਾਫ਼ ਦੇ ਸੰਪਰਕ ਵਿਚ 24 ਘੰਟੇ ਰਹਿਣ ਦੇ ਕਾਰਨ ਸਰਨਾ ਭਰਾ ਇਸ ਗੱਲ ਤੋਂ ਭਲੀ ਪ੍ਰਕਾਰ ਵਾਕਿਫ਼ ਨੇ ਕਿ ਕਮੇਟੀ ਦੇ ਆਰਥਿਕ ਸਰੋਤ ਪੂਰਨ ਤੌਰ ‘ਤੇ ਸੁਰੱਖਿਅਤ ਹਨ ਪਰ ਆਪਣੇ ਪਾਰਟੀ ਕਾਰਕੂਨਾਂ ਨੂੰ ਕਮੇਟੀ ਚੋਣਾਂ ਵਿਚ ਜਿੱਤ ਦੇ ਸ਼ਬਜਬਾਗ ਦਿਖਾਉਣ ਲਈ ਸਰਨਾ ਭਰਾਵਾਂ ਵੱਲੋਂ ਕਮੇਟੀ ਖਿਲਾਫ਼ ਝੂਠੇ ਦੋਸ਼ਾਂ ਦਾ ਸਹਾਰਾ ਲਿਆ ਜਾ ਰਿਹਾ ਹੈ।
ਸਬੰਧਤ ਖ਼ਬਰ:
http://bit.ly/2ckJRQS
ਬਾਦਲ ਦਲ ਦੇ ਆਗੂਆਂ ਨੂੰ ਯੂ.ਕੇ. ਦੇ ਸਿੱਖ ਬਿਨਾਂ ਕਿਸੇ ਦੇਰੀ ਤੋਂ ਵਾਪਸ ਤੋਰ ਦੇਣ: ਸਰਨਾ …
ਉਨ੍ਹਾਂ ਸਾਫ਼ ਕਿਹਾ ਕਿ ਸਰਨਾ ਕੋਲ ਕਮੇਟੀ ਦੇ ਖਿਲਾਫ਼ ਦੋਸ਼ਾਂ ਨੂੰ ਸਾਬਿਤ ਕਰਨ ਲਈ ਕੋਈ ਸਬੂਤ ਨਹੀਂ ਹੈ। ਅਕਾਲੀ ਦਲ ਵੱਲੋਂ ਯੂ.ਕੇ. ਵਸਦੇ ਸਿੱਖਾਂ ਦੀ ਭਲਾਈ ਲਈ ਕਾਲੀ ਸੂਚੀ ਨੂੰ ਖਤਮ ਕਰਾਉਣ ਤੇ 1984 ਦੇ ਕਾਤਿਲ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦੇ ਖਿਲਾਫ਼ ਕੀਤੀ ਗਈ ਕਾਨੂੰਨੀ ਵਿਊਂਤਬੰਦੀ ਸਰਨਾ ਤੇ ਉਨ੍ਹਾਂ ਦੇ ਕਾਂਗਰਸੀ ਭਾਈਵਾਲਾਂ ਨੂੰ ਰਾਸ ਨਹੀਂ ਆ ਰਹੀ ਹੈ। ਜਿਸ ਕਾਰਨ ਕਾਂਗਰਸ ਨੂੰ ਵੋਟਾਂ ਪਾਉਣ ਦੇ ਬਦਲੇ ਸਿੱਖ ਮਸਲਿਆਂ ਦੇ ਹੱਲ ਹੋਣ ਦੀ ਦੁਹਾਈ ਵੱਜੋਂ ਦਿੱਲੀ ਕਮੇਟੀ ਦੇ ਖਜ਼ਾਨੇ ਤੋਂ ਲੱਖਾਂ ਰੁਪਏ ਦੇ ਇਸ਼ਤਿਹਾਰ ਦੇਣ ਵਾਲੇ ਸਰਨਾ ਭਰਾ, ਅੱਜ ਆਪਣੇ ਸਿਆਸੀ ਰਹਿਬਰਾਂ ਦੀ ਨਜ਼ਰੇ ਇਨਾਇਤ ਲਈ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ।