Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮੀਡੀਏ ਦਾ ਵਾਰ (ਲੇਖਕ: ਡਾ. ਸੇਵਕ ਸਿੰਘ)

ਮੀਡੀਏ ਦਾ ਵਾਰ (ਲੇਖਕ: ਡਾ. ਸੇਵਕ ਸਿੰਘ)

ਨੋਟ: ਸੇਵਕ ਸਿੰਘ ਦਾ ਇਹ ਲੇਖ ‘ਸਿੱਖ ਸ਼ਹਾਦਤ’ ਮੈਗਜ਼ੀਨ ਦੇ ਦਸੰਬਰ 2007 ਦੇ ਅੰਕ ਵਿਚ ਛਪਿਆ ਸੀ। ਭਾਰਤੀ ਮੀਡੀਆ ਵੱਲੋਂ ਜਗਤਾਰ ਸਿੰਘ ਜੌਹਲ ਦੇ ਮਾਮਲੇ ਵਿਚ ਨਿਭਾਈ ਜਾ ਰਹੀ ਭੂਮਿਕਾ ‘ਤੇ ਚੱਲ ਰਹੀ ਚਰਚਾ ਦੇ ਮੱਦੇਨਜ਼ਰ ਇਹ ਲੇਖ ਪਾਠਕਾਂ ਦੀ ਜਾਣਕਾਰੀ ਹਿਤ ਮੁੜ ਸਾਂਝਾ ਕਰ ਰਹੇ ਹਾਂ – ਸੰਪਾਦਕ।

ਪਿਛਲੇ ਸਾਲ ਦਿੱਲੀ ਯੂਨੀਵਰਸਿਟੀ ਦੇ ਕੈਂਪਸ ਵਿਚ ਸਵੇਰੇ-ਸਵੇਰੇ ਇਕ ਨੌਜਵਾਨ ਨਾਲ ਮੁਲਾਕਾਤ ਹੋਈ, ਜਿਹੜਾ ਹੱਥ ਵਿਚ ਅਖ਼ਬਾਰ ਫੜੀ, ਉਦਾਸ ਹੋਇਆ ਬੈਠਾ ਸੀ। ਪੁੱਛਣ ‘ਤੇ ਕਾਫੀ ਚਿਰ ਚੁੱਪ ਰਹਿਣ ਪਿੱਛੋਂ ਏਨਾ ਹੀ ਬੋਲਿਆ, “ਅਸੀਂ ਅੱਜ ਦੇ ਦਿਨ ਇੰਡੀਆ ਦੇ ਗ਼ੁਲਾਮ ਹੋਏ ਸੀ, ਮੈਂ ਸਿੱਕਮ ਦਾ ਰਹਿਣ ਵਾਲਾ ਹਾਂ।”

ਡਾ: ਸੇਵਕ ਸਿੰਘ (ਫਾਈਲ ਫੋਟੋ)
ਡਾ: ਸੇਵਕ ਸਿੰਘ (ਫਾਈਲ ਫੋਟੋ)

ਐਨੇ ਅਖ਼ਬਾਰਾਂ, ਟੀ.ਵੀ. ਚੈਨਲਾਂ ਦੇ ਹੁੰਦਿਆ ਵੀ ਮੈਨੂੰ ਸਿੱਕਮ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਸਿੱਕਮ ਕਿਵੇਂ, ਕਦੋਂ ਇਸ ਦੇਸ਼ ਦਾ ਹਿੱਸਾ ਬਣਿਆ? ਓਥੇ ਦੇ ਲੋਕ ਕੀ ਕਰਦੇ ਹਨ, ਕੀ ਸੋਚਦੇ ਹਨ, ਓਹਨਾਂ ਦਾ ਜ਼ਿੰਦਗੀ ਜੀਣ ਦਾ ਢੰਗ ਕੀ ਹੈ? ਆਪਣੇ ਜਾਣ ਪਛਾਣ ਵਾਲੇ ਜਿੰਨੇ ਕੁ ਸੱਜਣਾਂ ਤੋਂ ਪੁੱਛਿਆ ਸਭ ਦੀ ਹਾਲਤ ਇਕੋ ਜਿਹੀ ਸੀ। ਅਸੀਂ ਆਮ ਤੌਰ ‘ਤੇ ਸਿੱਖਾਂ ਅਤੇ ਮੁਸਲਮਾਨਾਂ ਤੋਂ ਬਿਨਾਂ ਬਾਕੀ ਸਾਰਿਆਂ ਨੂੰ ਹਿੰਦੂ ਹੀ ਗਿਣਦੇ ਹਾਂ ਜਦਕਿ ਗੱਲ ਇਸ ਤੋਂ ਬਿਲਕੁਲ ਉਲਟ ਹੈ। ਜਦੋਂ ਅਸਾਮ ਵਿਚ ਬਿਹਾਰੀਆਂ ਦਾ ਮਸਲਾ ਉੱਠਿਆ ਤਾਂ ਚੰਡੀਗੜ੍ਹ ਵਿਚ ਇਕ ਆਸਾਮੀ ਨਾਲ ਮੁਲਾਕਾਤ ਵਿਚ ਓਹੀ ਅਹਿਸਾਸ ਹੋਇਆ ਜੋ ਸਿੱਕਮ ਵਾਲੇ ਨੌਜਵਾਨ ਨੂੰ ਮਿਲ ਕੇ ਹੋਇਆ ਸੀ। ਉਸਦਾ ਹਿਰਖ ਸੀ ਕਿ ਪੰਜਾਬ ਦੇ ਲੋਕ ਸਾਨੂੰ ਹਿੰਦੂ ਕਹਿੰਦੇ ਹਨ ਜਦੋਂ ਕਿ ਅਸੀਂ ਸਿੱਖਾਂ ਨੂੰ ਇਹਨਾਂ ਨਾਲੋਂ ਵੱਖ ਮੰਨਦੇ ਹਾਂ। ਇਕ ਟਰੱਕ ਡਰਾਈਵਰ ਨੇ ਵੀ ਇਹ ਗੱਲ ਦੱਸੀ ਕਿ ਓਥੇ ਦੀ ਪੁਲਿਸ ਵੀ ਅਤੇ ਲੁੱਟਮਾਰ ਕਰਨ ਵਾਲੇ ਵੀ ਸਿੱਖ ਟਰੱਕਾਂ ਵਾਲਿਆਂ ਨਾਲੋਂ ਦੂਜਿਆਂ ਦਾ ਫਰਕ ਕਰਦੇ ਹਨ।

ਸਿਕੱਮ, ਜੋ ਕਿ 1975 'ਚ ਭਾਰਤ ਦਾ ਹਿੱਸਾ ਬਣਾਇਆ ਗਿਆ
ਸਿਕੱਮ, ਜੋ ਕਿ 1975 ‘ਚ ਭਾਰਤ ਦਾ ਹਿੱਸਾ ਬਣਾਇਆ ਗਿਆ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸ਼੍ਰੀਨਗਰ ਤੋਂ ਆਏ ਮੁਸਲਿਮ ਨੌਜਵਾਨ ਨੇ ਤਾਂ ਇਹ ਹੀ ਕਹਿ ਦਿੱਤਾ ਕਿ ਅਸੀਂ ਸਿੱਖਾਂ ਕਰਕੇ ਗ਼ੁਲਾਮ ਹਾਂ ਕਿਉਂਕਿ ਸਿੱਖ ਸਾਡੇ ਦੁਸ਼ਮਣ ਭਾਰਤ ਦਾ ਸਾਥ ਦਿੰਦੇ ਹਨ। ਕਸ਼ਮੀਰ ਵਿਚ ਲੋਕਾਂ ਨਾਲ ਕੀ ਬੀਤਦੀ ਹੈ, ਇਹ ਵੱਖਰੇ ਲੇਖ ਦਾ ਵਿਸ਼ਾ ਹੈ ਪਰ ਪੰਜਾਬ ਦੇ ਲੋਕ ਇਸ ਗੱਲ ਨੂੰ ਜ਼ਰੂਰ ਸਮਝ ਸਕਦੇ ਹਨ। ਅੱਜ ਦੇ ਯੁੱਗ ਵਿਚ ਮੀਡੀਆ ਬਹੁਤ ਵੱਡਾ ਅਤੇ ਤਕੜਾ ਸਾਧਨ ਹੈ ਜਿਸ ਰਾਹੀਂ ਲੋਕਾਂ ਦੀ ਸੋਚ ਅਤੇ ਹਰ ਕਰਮ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਰਾਜਨੀਤੀ ਦਾ ਨਿਚੋੜ ਵੀ ਇਹੋ ਹੀ ਹੈ ਕਿ ਲੋਕਾਂ ਦੇ ਮਨ ਅਤੇ ਕਰਮ ਨੂੰ ਆਪਣੇ ਕਾਬੂ ਹੇਠ ਰੱਖਣਾ। ਰੱਖਣਾ ਵੀ ਇਸ ਤਰੀਕੇ ਨਾਲ ਕਿ ਜਿਸ ਨੂੰ ਗ਼ੁਲਾਮ ਬਣਾਇਆ ਹੈ ਉਹ ਮਹਿਸੂਸ ਕਰੇ ਕਿ ਮੈਂ ਅਜ਼ਾਦ ਹਾਂ। ਯੂਨਾਨੀ ਕਹਾਵਤ ਹੈ ਕਿ ਹੁਨਰ ਨੂੰ ਛੁਪਾਉਣ ਦਾ ਨਾਂ ਹੀ ਹੁਨਰ ਹੈ।

ਮੀਡੀਆ ਨੂੰ ਆਮ ਲੋਕ ਮਨ ਪਰਚਾਵੇ ਅਤੇ ਜਾਣਕਾਰੀ ਦਾ ਸਾਧਨ ਸਮਝਦੇ ਹਨ ਅਤੇ ਇਹ ਹੈ ਵੀ। ਮਨੋਰੰਜਨ ਦੇ ਸਾਧਨ ਅਤੇ ਮੌਕੇ ਲੋਕਾਂ ਦੇ ਮਨ ਨੂੰ ਕੈਦ ਕਰਨ ਦਾ ਸਭ ਤੋਂ ਕਾਰਗਰ ਤਰੀਕਾ ਹਨ। ਨਵੇਂ ਨੂੰ ਜਾਣਨ ਦੀ ਅਤੇ ਸੁਆਦ ਨੂੰ ਮਾਨਣ ਦੀ ਮਨੁੱਖ ਦੀ ਮੁੱਢੋਂ ਰੁਚੀ ਹੈ। ਨਵੇਂ ਦੀ ਜਾਣਕਾਰੀ ਅਤੇ ਸੁਆਦ ਦੇਣ ਦੇ ਨਾਂ ਹੇਠ ਹੀ ਮੀਡੀਏ ਦੀ ਸਭ ਤੋਂ ਵਧੀਆ ਵਰਤੋਂ ਹੁੰਦੀ ਹੈ।

ਮਿਸਾਲ ਵਜੋਂ ਅਸੀਂ ਟੀ.ਵੀ. ਦੇ ਮੁਕਾਬਲਾ ਪ੍ਰੋਗਰਾਮਾਂ ਦੀ ਗੱਲ ਕਰਦੇ ਹਾਂ। 21ਵੀਂ ਸਦੀ ਦੇ ਮੁੱਢਲੇ ਸਾਲ ਜ਼ੀ. ਟੀ. ਵੀ. ਵਲੋਂ ‘ਕੌਣ ਬਣੇਗਾ ਕਰੋੜਪਤੀ’ ਦੇ ਨਾਂ ਹੇਠ ਸਵਾਲਾਂ ਦੇ ਜਵਾਬ ਦੇ ਕੇ ਅਮੀਰ ਹੋਣ ਦੇ ਸੌਖਾ, ਸਸਤਾ ਅਤੇ ਛੇਤੀ ਵਾਲਾ ਰਾਹ ਪੇਸ਼ ਕੀਤਾ। ਇਸ ਮਨੋਰੰਜਨ ਦੇ ਧੰਦੇ ਨੇ ਕਿਵੇਂ ਲੋਕਾਂ ਦੀ ਸੋਚ ਨੂੰ ਆਪਣੇ ਅਸਰ ਹੇਠ ਲਿਆ, ਕਿਸੇ ਨੇ ਇਸ ਦਾ ਹਿਸਾਬ ਲਾਉਣ ਦੀ ਜ਼ਹਿਮਤ ਹੀ ਨਹੀਂ ਉਠਾਈ।

ਕਸ਼ਮੀਰ ਦੀ ਮੌਜੂਦਾ ਸਥਿਤੀ
ਕਸ਼ਮੀਰ ਦੀ ਮੌਜੂਦਾ ਸਥਿਤੀ

ਇਹ ਢੰਗ ਲੋਕਾਂ ਨੂੰ ਬਹੁਤ ਲੁਭਾਉਣ ਵਾਲਾ ਸੀ, ਇਸ ਨੇ ਕਰੋੜਾ ਲੋਕਾਂ ਨੂੰ ਇਕਦਮ ਆਪਣੇ ਪ੍ਰਭਾਵ ਹੇਠ ਲੈ ਲਿਆ। ਇਸ ਪ੍ਰੋਗਰਾਮ ਨੇ ਕਿਰਤ ਕਰਨ ਦੀ ਇੱਛਾ ਨੂੰ ਹੋਰ ਕਮਜ਼ੋਰ ਕੀਤਾ। ਜਾਣਕਾਰੀ ਦੇ ਜ਼ਰੀਏ ਅਮੀਰ ਹੋਣ ਦੀ ਲਾਲਸਾ ਨੇ ਬਹੁਤ ਜ਼ੋਰ ਫੜਿਆ। ਲੋਕਾਂ ਅੰਦਰ ਇਸ ਤਰ੍ਹਾਂ ਦੇ ਹੋਰ ਮੌਕੇ ਪ੍ਰਾਪਤ ਕਰਨ ਦੀ ਇੱਛਾ ਪੈਦਾ ਕੀਤੀ। ਇਸ ਇੱਛਾ ਨੂੰ ਹੋਰ ਚੈਨਲਾਂ ਨੇ ਵੀ ਵਰਤਿਆ। ਇਹ ਲੋਕਾਂ ਨੂੰ ਅਸਲੀਅਤ ਤੋਂ ਦੂਰ ਕਰਨ ਵਾਲਾ ਕੰਮ ਸੀ।

ਇਹ ਜੂਏ ਦਾ ਬਹੁਤ ਸੋਧਿਆ ਹੋਇਆ ਰੂਪ ਸੀ। ਇਹ ਸੱਟੇ ਅਤੇ ਲਾਟਰੀ (ਸਰਕਾਰ ਵਲੋਂ ਪ੍ਰਵਾਣਤ ਸੱਟਾ) ਤੋਂ ਵੀ ਅਗਲਾ ਰੂਪ ਖੇਡਿਆ ਜਾਂਦਾ ਸੀ। ਲੋਕ ਜੂਏ ਵਾਲਿਆਂ ਨੂੰ ਨਫਰਤ ਕਰਦੇ ਸਨ। ਮੀਡੀਏ ਨੇ ਜੂਏ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਲੋਕ ਇਸ ਨੂੰ ਜੂਆ ਹੀ ਨਹੀਂ ਸਮਝਦੇ। ਇਸ ਨੂੰ ਆਪਣੇ ਦਿਮਾਗ ਦੀ ਪਰਖ ਦਾ ਮੌਕਾ ਮੰਨਦੇ ਹਨ। ਇਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਜੂਏ ਦਾ ਹਰ ਰੂਪ ਹੀ ਦਿਮਾਗ ਦੀ ਪਰਖ ਵਾਲਾ ਹੈ। ਅਸਲ ਗੱਲ ਤਾਂ ਇਹ ਹੈ ਕਿ ਜੂਏ ਦੀ ਕਮਾਈ ਅਨੈਤਿਕ ਹੈ। ਇਹ ਬੰਦੇ ਦੀ ਸੱਚੀ ਸੁੱਚੀ ਕਿਰਤ ਨਹੀਂ ਹੈ। ਜਦ ਅਸੀਂ ਆਪਣੇ ਲਈ ਥੋੜ੍ਹੇ ਸਵਾਰਥ ਕਾਰਨ ਇਸ ਹਰਾਮ ਦੀ ਕਮਾਈ ਨੂੰ ਪ੍ਰਵਾਨ ਕਰਦੇ ਹਾਂ ਤਾਂ ਪੂਰੀ ਮਨੁੱਖਤਾ ਨੂੰ ਲੁੱਟਣ ਵਾਲੇ ਲੋਕਾਂ ਨੂੰ ਪ੍ਰਵਾਨਗੀ ਦੇ ਦਿੰਦੇ ਹਾਂ ਅਤੇ ਬੰਦੇ ਹੋਣ ਦੀ ਕੀਮਤ ਗੁਆ ਲੈਂਦੇ ਹਾਂ। ਉਹ ਆਮ ਬੰਦੇ ਨੂੰ ਪੈਸਾ ਦੋ ਪੈਸੇ ਦਾ ਚੋਰ ਬਣਾਕੇ ਜਾਂ ਉਸ ਅੰਦਰ ਚੋਰ ਬਣਨ ਦੀ ਇੱਛਾ ਪੈਦਾ ਕਰਕੇ, ਅਰਬਾਂ ਖਰਬਾਂ ਦੀ ਮਨੁੱਖੀ ਸਰੋਤ ਅਤੇ ਕੁਦਰਤੀ ਸਰੋਤਾਂ ਦੀ ਲੁੱਟ ਦੀ ਖੁੱਲ੍ਹ ਲੈ ਲੈਂਦੇ ਹਨ।

ਜਿੰਨ੍ਹਾਂ ਲੋਕਾਂ ਨੇ ਸਵਾਲ-ਜਵਾਬ ਦੇ ਜੂਏ ਵਿਚ ਮਾਇਆ ਲਈ, ਉਹਨਾਂ ਦੀਆਂ ਅਖ਼ਬਾਰਾਂ ਨੇ ਮੂਰਤਾਂ ਛਾਪੀਆਂ ਫਲਾਣੇ ਨੇ ਐਨਾ ਇਨਾਮ ਜਿੱਤਿਆ। ਇਨਾਮ ਦਾ ਸਬੰਧ ਕਿਸੇ ਬੰਦੇ ਵਲੋਂ ਕੀਤੇ ਚੰਗੇ ਅਤੇ ਵਧੀਆ ਕੰਮ ਨਾਲ ਹੁੰਦਾ ਹੈ ਅਤੇ ਇਨਾਮ ਦੇਣ ਦਾ ਕੰਮ ਵੀ ਕੋਈ ਚੰਗਾ ਬੰਦਾ ਹੀ ਕਰਦਾ ਹੈ। ਜਿਨ੍ਹਾਂ ਨੇ ਇਨਾਮ ਦਿੱਤਾ ਉਹਨਾਂ ਫਿਲਮੀ ਲੋਕਾਂ ਦਾ ਵੱਡਾਪਣ ਖੁਦ ਜੂਏ ਦੀ ਪੈਦਾਵਾਰ ਹੈ। ਟੀ.ਵੀ. ਦੇ ਸਵਾਲਾਂ ਵਾਲੇ ਮੁਕਾਬਲਾ ਹੀ ਨਹੀਂ ਸਗੋਂ ਸਾਰੇ ਮੁਕਾਬਲੇ ਹੀ ਬੰਦੇ ਅੰਦਰ ਇਹ ਭਰਮ ਪੈਦਾ ਕਰਦੇ ਹਨ ਕਿ ਬਿਨਾਂ ਮਿਹਨਤ ਹੀ ਅਮੀਰ ਅਤੇ ਮਸ਼ਹੂਰ ਹੋਇਆ ਜਾ ਸਕਦਾ ਹੈ।

ਇਹਨਾਂ ਮੁਕਾਬਲਿਆਂ ਦੇ ਹਿੱਸੇਦਾਰ ਹੋਣਾ ਜਾਂ ਹੋਣ ਦੀ ਇੱਛਾ ਪੈਦਾ ਹੋਣੀ ਅਸਲ ਵਿਚ ਉਹਨਾਂ ਦੀ ਸੋਚ ਦੇ ਧਾਰਨੀ ਹੋਣ ਦਾ ਰਸਤਾ ਹੈ। ਜਿਹੜੇ ਇਹਨਾਂ ਪ੍ਰੋਗਰਾਮਾਂ ਨੂੰ ਚਲਾਉਂਦੇ ਹਨ। ਜਿਹੜੀ ਸੋਚ ਦਾ ਪਹਿਲਾ ਕਦਮ ਹੀ ਅਨੈਤਿਕ ਕਮਾਈ ਵੱਲ ਧੱਕਦਾ ਹੈ ਉਸ ਦਾ ਅੰਤ ਕਿੱਥੇ ਹੋਵੇਗਾ ਇਹਦਾ ਅੰਦਾਜ਼ਾ ਜ਼ਿਆਦਾ ਮੁਸ਼ਕਿਲ ਨਹੀਂ ਹੈ। ਜੇ ਹੋਰ ਕੁਝ ਸਮਝ ਨਾ ਵੀ ਆਵੇ ਤਾਂ ਵੀ ਇਕ ਗੱਲ ਤਾਂ ਸਾਫ ਹੀ ਦਿਸਦੀ ਹੈ ਕਿ ਇਹ ਬੰਦੇ ਅੰਦਰੋਂ ਹੱਕ ਸੱਚ ਦਾ ਜੇਰਾ ਖਤਮ ਕਰਨ ਦਾ ਢੰਗ ਹੈ। ਇਹ ਮੀਡੀਏ ਦਾ ਇਕ ਰੂਪ ਹੈ।

ਮੀਡੀਏ ਦਾ ਪ੍ਰਭਾਵ ਵਧਣ ਨਾਲ ਜਾਣਕਾਰੀ (ਸੂਚਨਾ) ਨੂੰ ਬਹੁਤ ਵੱਡਾ ਮਹੱਤਵ ਦਿੱਤਾ ਜਾਣ ਲੱਗਾ। ਇਸੇ ਤਰ੍ਹਾਂ ਦੀ ਜਾਣਕਾਰੀ ਹੋਣਾ ਮਾੜੀ ਗੱਲ ਨਹੀਂ ਹੈ ਪਰ ਸਿਰਫ ਅੰਕੜਿਆਂ ਦੇ ਰੂਪ ਵਿਚ ਸੂਚਨਾ ਨੂੰ ਮਾਨਤਾ, ਗੱਲਾਂ ਨੂੰ ਸਮਝਣ ਦੇ ਮਹੱਤਵ ਨੂੰ ਲੁਕਵੇਂ ਰੂਪ ਵਿਚ ਨਕਾਰਦੀ ਹੈ।

ਮਨੁੱਖੀ ਧਰਤੀ ਉਪਰ ਆਪਣੀ ਸਮਝ ਕਰਕੇ ਹੀ ਵਿਲੱਖਣ ਹੈ। ਇਸ ਲਈ ਬੰਦੇ ਲਈ ਮੂਲ ਸਵਾਲ ਹਨ-ਕੁਦਰਤ ਦੇ ਵਰਤਾਰੇ ਨੂੰ ਸਮਝਣਾ, ਇਸ ਵਰਤਾਰੇ ਵਿਚ ਬੰਦੇ ਹਸਤੀ ਅਤੇ ਮਨੋਰਥ ਸਮਝਣਾ, ਮਨੁੱਖੀ ਮਨ ਅਤੇ ਸੁਭਾਅ ਨੂੰ ਸਮਝਣਾ, ਕੁਦਰਤ ਅਤੇ ਬੰਦੇ ਦੇ ਰਿਸ਼ਤੇ ਨੂੰ, ਬੰਦੇ ਦੇ ਬੰਦੇ ਨਾਲ ਰਿਸ਼ਤੇ ਨੂੰ, ਇਹਨਾਂ ਰਿਸ਼ਤਿਆਂ ਦੇ ਅਧਾਰਤ ਬਣੇ ਸਮਾਜ ਅਤੇ ਰਾਜ ਦੇ ਢਾਂਚਿਆਂ ਨੂੰ ਸਮਝਣਾ। ਨਾਵਾਂ, ਥਾਵਾਂ, ਘਟਨਾਵਾਂ ਅਤੇ ਤਰੀਕਾਂ ਦੀ ਜਾਣਕਾਰੀ ਇਹਨਾਂ ਸਵਾਲਾਂ ਦੀ ਸਮਝ ਦੇ ਮੁਕਾਬਲੇ ਬੜੇ ਥੋੜ੍ਹੇ ਮੁੱਲ ਵਾਲੀ ਹੈ।

ਅਸੀਂ ਆਪਣੀ ਪਹਿਲੀ ਗੱਲ ਵੱਲ ਆਉਂਦੇ ਹਾਂ ਜਿਥੋਂ ਗੱਲ ਸ਼ੁਰੂ ਕੀਤੀ ਸੀ। ਜਿਥੇ-ਜਿਥੇ ਵੀ ਇਸ ਦੇਸ਼ ਦੇ ਕਾਬਜ਼ ਬਹੁਗਿਣਤੀ ਤੋਂ ਵੱਖਰੀ ਸੋਚ ਵਾਲੇ ਲੋਕ ਆਪਣੇ ਤਰ੍ਹਾਂ ਦੀ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰਦੇ ਹਨ, ਮੀਡੀਆ ਓਹਨਾਂ ਦੀ ਅਸਲੀ ਗੱਲ ਲੁਕਾ ਜਾਂਦਾ ਹੈ ਅਤੇ ਸਿਰਫ ਓਹੀ ਗੱਲਾਂ ਕਰਦਾ ਹੈ ਜੋ ਰਾਜ ਭਗਤੀ ਦੀ ਪ੍ਰੇਰਨਾ ਪੈਦਾ ਕਰਦੀਆਂ ਹਨ। ਪਹਿਲੇ ਦੋਹਾਂ ਨੁਕਤਿਆਂ ਦਾ ਸੰਬੰਧ ਆਮ ਬੰਦੇ ਦੀ ਜ਼ਿੰਦਗੀ ਨਾਲ ਹੈ ਪਰ ਪ੍ਰੇਰਨਾ ਦਾ ਸੰਬੰਧ ਇਕ ਵਿਸ਼ੇਸ਼ ਹਿੱਸੇ ਦੀ ਉੱਚਤਾ ਨਾਲ ਹੈ। ਇਹ ਪ੍ਰੇਰਨਾ ਪਹਿਲੇ ਨੁਕਤਿਆਂ ਦੀ ਸੇਧ ਨੂੰ ਜ਼ਾਹਰ ਕਰਦੀ ਹੈ। ਮੀਡੀਏ ਦੁਆਰਾ ਕਰਾਏ ਮੁਕਾਬਲੇ ਜਾਂ ਮੀਡੀਏ ਰਾਹੀਂ ਮੁਕਾਬਲਿਆਂ ਨੂੰ ਪੇਸ਼ਕਾਰੀ ਭਾਵਨਾਵਾਂ ਨੂੰ ਆਪਣੀ ਮਾਲਕ ਧਿਰ ਦੇ ਹੱਕ ਵਿਚ ਵਰਤਣ ਦੀ ਜੁਗਤ ਹੈ। ਜੂਆ ਬੰਦੇ ਨੂੰ ਨੈਤਿਕਤਾ ਤੋਂ ਡੇਗਣ ਦਾ ਕਰਮ ਹੈ। ਇਸ ਕੰਮ ਵਿਚ ਪਿਆ ਬੰਦਾ ਹੱਕ-ਸੱਚ ਦੀ ਗੱਲ ਕਰਨ ਤੋਂ ਵਾਂਝਾ ਹੋ ਜਾਂਦਾ ਹੈ।

ਵਿਦੇਸ਼ੀ ਟੀ.ਵੀ. ਚੈਨਲ ਵਲੋਂ ਪੇਸ਼ ਪ੍ਰੋਗਰਾਮ ਵਿਚ ਹਿੰਦੀ ਫਿਲਮਾਂ ਦੀ ਕਲਾਕਾਰ ਸ਼ਿਲਪਾ ਸ਼ੈਟੀ ਨਾਲ ਹੋਈ ਗਾਲੀ ਗਲੋਚ ਨੂੰ ਭਾਰਤ ਦੀ ਰਾਸ਼ਟਰੀ ਬੇਇਜ਼ਤੀ ਵਜੋਂ ਪੇਸ਼ ਕੀਤਾ ਗਿਆ। ਜਿਸ ਤਰ੍ਹਾਂ ਕਈ ਦਿਨ ਲਗਾਤਾਰ ਇਸ ਗੱਲ ਦਾ ਅਖ਼ਬਾਰਾਂ ਅਤੇ ਚੈਨਲਾਂ ਉੱਤੇ ਰੌਲਾ ਪੈਂਦਾ ਰਿਹਾ, ਇਹ ਅੰਗਰੇਜ਼ਾਂ ਦੇ ਹਵਾਲੇ ਨਾਲ ਪੁਰਾਣੀ ਦੇਸ਼ ਭਗਤੀ ਨੂੰ ਜੀਵਿਤ ਕਰਨ ਦੀ ਕੋਸ਼ਿਸ਼ ਸੀ।

ਇੰਡੀਅਨ ਲਾਫਟਰ ਸ਼ੋਅ ਵੀ ਇਸੇ ਕੜੀ ਦਾ ਹਿੱਸਾ ਸੀ ਕਿ ਅਚੇਤ ਰੂਪ ਵਿਚ ਨੌਜਵਾਨ ਪੀੜ੍ਹੀ ਅਖੰਡ ਭਾਰਤ ਨੂੰ ਸਵੀਕਾਰ ਕਰੇ। ਟੀ.ਵੀ. ਚੈਨਲਾਂ ਵਲੋਂ ਮੁਕਾਬਲੇ ਵੀ ਦੇਸ਼ ਦੀ ਇਕਜੁਟਤਾ ਦਾ ਕਾਰਜ ਹਨ। ਪਹਿਲਾਂ ਪੂਰਬੀ ਰਾਜ ਦੇ ਨੌਜਵਾਨ ਨੂੰ ‘ਯੰਗ ਇੰਡੀਆ’ ਦਾ ਖਿਤਾਬ ਦਿੱਤਾ ਹੁਣ ਪੰਜਾਬ ਦੇ ਸਿੱਖ ਨੌਜਵਾਨ ਨੂੰ ਭਾਰਤ ਦੀ ਆਵਾਜ਼ ਇਹ ਖਿਤਾਬ ਦਿੱਤਾ। 1984 ਮਗਰੋਂ ਸਿੱਖਾਂ ਨੇ ਆਪਣਾ ਵਿਰੋਧ ਜਿਵੇਂ ਪਰਗਟ ਕੀਤਾ, ਸਰਕਾਰ ਉਸ ਨੂੰ ਹੌਲੀ-ਹੌਲੀ ਕਈ ਤਰੀਕਿਆਂ ਨਾਲ ਖਾਰਜ ਕਰਦੀ ਆ ਰਹੀ ਹੈ।

ਸੰਗੀਤ ਬੰਦੇ ਦੇ ਮਨ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਚੀਜ਼ ਹੈ। ਹਿੰਦੀ ਫਿਲਮਾਂ ਵਿਚ ਪੰਜਾਬੀ ਗੀਤਾਂ ਅਤੇ ਸੰਗੀਤ ਦੀ ਵਰਤੋਂ ਤੋਂ ਸਾਡੇ ਬਹੁਤੇ ਲੋਕ ਖੁਸ਼ ਹੁੰਦੇ ਹਨ ਕਿ ਹਿੰਦੀ ਜਗਤ ਨੂੰ ਮਜਬੂਰ ਹੋ ਕੇ ਪੰਜਾਬੀ ਸੰਗੀਤ ਦਾ ਆਸਰਾ ਲੈਣਾ ਪੈ ਰਿਹਾ ਹੈ ਪਰ ਇਹ ਕੋਈ ਨਹੀਂ ਸਮਝਦਾ ਕੁਝ ਸਮੇਂ ਮਗਰੋਂ ਇਹ ਸਭ ਕੁਝ ਹਿੰਦੀ ਹੋ ਜਾਏਗਾ।

ਜਦੋਂ ਦੋ ਸਭਿਆਚਾਰਾਂ ਦਾ ਆਪੋ ਵਿਚ ਮੇਲ ਹੁੰਦਾ ਹੈ ਤਾਂ ਇਹ ਬੋਲੀ, ਪਹਿਰਾਵਾ, ਰਹਿਣਾ ਸਹਿਣ ਅਤੇ ਸੋਚ, ਸਾਰੇ ਪਾਸਿਆਂ ਤੋਂ ਹੀ ਹੁੰਦਾ ਹੈ। ਇਹ ਮੇਲ ਤਿੰਨ ਤਰ੍ਹਾਂ ਦਾ ਹੁੰਦਾ ਹੈ ਇਕ ਵਪਾਰਕ, ਦੂਜਾ ਕੁਦਰਤੀ ਇਕ-ਦੂਜੇ ਨਾਲ ਲਗਦੀ ਹੱਦ ਕਰਕੇ ਅਤੇ ਤੀਜਾ ਇਕ ਧਿਰ ਵਲੋਂ ਦੂਜੀ ‘ਤੇ ਕਬਜ਼ਾ ਕਰਨ ਨਾਲ। ਤਿੰਨੇ ਤਰ੍ਹਾਂ ਹੀ ਓਹ ਸਭਿਆਚਾਰ ਦੂਜੇ ਨੂੰ ਆਪਣੇ ਅਸਰ ਹੇਠ ਲੈ ਲੈਂਦਾ ਹੈ ਜੀਹਦੇ ਕੋਲ ਜ਼ਿਆਦਾ ਤਾਕਤ ਹੁੰਦੀ ਹੈ। ਦੁਨੀਆ ਦੇ ਇਤਿਹਾਸ ਅੰਦਰ ਇਸ ਗੱਲ ਦੀਆਂ ਬਹੁਤ ਠੋਸ ਮਿਸਾਲਾਂ ਹਨ। ਭਾਵੇਂ ਅਸੀਂ ਅਮਰੀਕਾ ਦੇ ਗ਼ੁਲਾਮ ਨਹੀਂ ਰਹੇ ਪਰ ਸਾਡਾ ਓਹਨਾਂ ਨਾਲ ਵਾਹ ਪਿਆ ਹੈ ਤਾਂ ਅਸੀਂ ਓਹਨਾਂ ਅਸਰ ਕਬੂਲ ਰਹੇ ਹਾਂ, ਪੂਰੀ ਦੁਨੀਆਂ ਅੰਦਰ ਓਹਨਾਂ ਦਾ ਅਸਰ ਹੈ ਜਿਵੇਂ ਪਹਿਲਾਂ ਇੰਗਲੈਂਡ ਦਾ ਸੀ, ਕਾਰਨ ਹੈ ਤਾਕਤ। ਇਸੇ ਤਰ੍ਹਾਂ ਹੀ ਭਾਰਤ ਅੰਦਰ ਹਿੰਦੀ ਭਾਸ਼ੀ ਲੋਕਾਂ ਹੱਥ ਤਾਕਤ ਹੈ ਜਿਸ ਕਰਕੇ ਪੂਰੇ ਦੇਸ਼ ਅੰਦਰ ਓਹਨਾਂ ਦਾ ਅਸਰ ਪ੍ਰਤੱਖ ਦਿਖਾਈ ਦੇ ਰਿਹਾ ਹੈ।

ਦੁਨੀਆਂ ਅੰਦਰ ਅਸਲ ਅਸਰ ਉਸ ਬੋਲੀ ਦਾ ਵਧੇਰੇ ਪਵੇਗਾ ਜਿਸ ਬੋਲੀ ਵਿਚ ਗਿਆਨ ਪੈਦਾ ਹੋਏਗਾ। ਇਸ ਗੱਲ ਕਰਕੇ ਹੀ ਹਿੰਦੀ ਅੰਗਰੇਜ਼ੀ ਤੋਂ ਮਾਰ ਖਾ ਰਹੀ ਹੈ। ਗਿਆਨ ਦੀ ਵਜ੍ਹਾ ਕਰਕੇ ਜਾਪਾਨੀ ਥੋੜ੍ਹੇ ਜਿਹੇ ਲੋਕਾਂ ਦੀ ਬੋਲੀ ਹੋਣ ਦੇ ਬਾਵਜੂਦ ਹਿੰਦੀ ਨਾਲੋਂ ਕਿਤੇ ਅੱਗੇ ਹੈ। ਸਾਡੀ ਨੌਜਵਾਨ ਪੀੜ੍ਹੀ ਦਾ ਰਹਿਣ ਸਹਿਣ, ਖਾਣ ਪੀਣ ਕਿੰਨਾ ਕੁ ਪੰਜਾਬੀ ਹੈ ਇਹ ਦੱਸ ਪਾ ਰਿਹਾ ਹੈ ਕਿ ਉਹਨਾਂ ਦੀ ਬੋਲੀ ਅਤੇ ਸੋਚ ਕਿੰਨੀ ਕੁ ਪੰਜਾਬੀ ਹੈ। ਜਦੋਂ ਸਾਡੇ ਲੋਕ ਇਹਨਾਂ ਲੜੀਵਾਰ ਹਿੰਦੀ ਨਾਟਕਾਂ ਅਤੇ ਮੁਕਾਬਲਿਆਂ ਨਾਲ ਜੁੜ ਜਾਂਦੇ ਹਨ ਤਾਂ ਸਹਿਜ ਸੁਭਾਅ ਹੀ ਹਿੰਦੀ, ਹਿੰਦੂ, ਹਿੰਦੁਸਤਾਨ ਦੇਸ਼ ਭਗਤੀ ਦੇ ਵਹਿਣ ਵਿਚ ਰਹਿ ਜਾਂਦੇ ਹਨ। ਇਹੋ ਹੀ ਇਹਨਾਂ ਪ੍ਰੋਗਰਾਮਾਂ ਦਾ ਮੁੱਖ ਟੀਚਾ ਹੈ।

ਜੇ ਸਿੱਖਾਂ ਦੇ ਸਬੰਧ ਵਿਚ ਮੀਡੀਏ ਦਾ ਅਸਰ ਦੇਖਣਾ ਹੋਵੇ ਕਈ ਮਿਸਾਲਾਂ ਸਾਹਮਣੇ ਹਨ। ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਮਗਰੋਂ ਬੜੇ ਸਿੱਖਾਂ ਨੇ ਇਹ ਮੰਨ ਲਿਆ ਕਿ ਹੁਣ ਸਿੱਖਾਂ ਨਾਲ ਕੋਈ ਵਿਤਕਰਾ ਨਹੀਂ ਹੈ। ਸਿੱਖ ਕਤਲੇਆਮ ਦੀ ਮੁਆਫੀ ਦਾ ਰੌਲਾ ਵੀ ਮੀਡੀਏ ਨੇ ਪਾਇਆ ਸੀ ਜਦਕਿ ਮੁਆਫੀ ਦੇ ਨਾਂ ਹੇਠ ਇਹ ਇਹ ਵਾਰ ਹੋਰ ਬੇਇਜ਼ਤੀ ਸੀ। ਕੈਪਟਨ ਅਮਰਿੰਦਰ ਸਿੰਘ ਦੁਆਰਾ ਪੰਜਾਬ ਨਾਲ ਪਾਣੀ ਦੇ ਮਸਲੇ ਵਿਚ ਕੀਤੀ ਗ਼ਦਾਰੀ ਨੂੰ ਪ੍ਰਾਪਤੀ ਵਜੋਂ ਪੇਸ਼ ਕਰਨਾ ਵੀ ਮੀਡੀਏ ਦੀ ਚਾਲ ਸੀ ਜਿਸ ਨੇ ਕਾਂਗਰਸ ਨੂੰ ਮੁੜ ਸਿੱਖ ਮਨ ਵਿਚ ਥਾਂ ਦਿਵਾਈ ਤੇ ਕੈਪਟਨ ਨੂੰ ਬਾਦਲ ਨਾਲੋਂ ਚੰਗਾ ਸਿੱਖ ਅਖਵਾਇਆ। ਦੂਜੇ ਪਾਸੇ ਲੁਧਿਆਣੇ ਸਿਨੇਮੇ ਵਿਚ ਹੋਏ ਬੰਬ ਧਮਾਕੇ ਤੋਂ ਇਕ ਘੰਟੇ ਬਾਅਦ ਹੀ ਟੀ.ਵੀ. ਚੈਨਲਾਂ ਉੱਤੇ ਸਿੱਖਾਂ ਨੂੰ ਦੋਸ਼ੀ ਕਿਹਾ ਜਾਣ ਲੱਗਾ। ਏਨੀ ਛੇਤੀ ਸਬੂਤ ਮੀਡੀਏ ਹੱਥ ਕਿੱਥੋਂ ਆਏ? ਕਿਹੜੀ ਜ਼ਿੰਮੇਵਾਰੀ ਨਾਲ ਉਨ੍ਹਾਂ ਨੇ ਸਿੱਖਾਂ ਦਾ ਨਾਂ ਇਸ ਨਾਲ ਜੋੜਿਆ?

ਮੀਡੀਏ ਵਲੋਂ ਕ੍ਰਿਕਟ ਦੀ ਖੇਡ ਨੂੰ ਰਾਸ਼ਟਰਵਾਦ ਦੇ ਔਜ਼ਾਰ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ; ਪ੍ਰਤੀਕਾਤਮਕ ਤਸਵੀਰ
ਮੀਡੀਏ ਵਲੋਂ ਕ੍ਰਿਕਟ ਦੀ ਖੇਡ ਨੂੰ ਰਾਸ਼ਟਰਵਾਦ ਦੇ ਔਜ਼ਾਰ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾਂਦਾ; ਪ੍ਰਤੀਕਾਤਮਕ ਤਸਵੀਰ

ਇਹ ਵੀ ਸਾਡਾ ਵਹਿਮ ਹੀ ਹੈ ਕਿ ਮੀਡੀਏ ਦਾ ਵੱਧ ਅਸਰ ਬੱਚਿਆਂ ‘ਤੇ ਪੈਂਦਾ ਹੈ। ਬੁੱਢਿਆਂ ਜਾਂ ਸਿਆਣਿਆਂ ਉੱਤੇ ਅਸਰ ਦਾ ਸ਼ਾਇਦ ਅਸੀਂ ਬੱਝਵਾਂ ਅੰਦਾਜ਼ਾ ਨਹੀਂ ਲਾਇਆ। ਕੁਝ ਦਿਨ ਪਹਿਲਾਂ ਪੰਜਾਬ ਦੇ ਅਜਿਹੇ ਸ਼ਖਸ ਨਾਲ ਮੇਲ ਹੋਇਆ ਜਿਹੜਾ ਟੀ.ਵੀ. ਅੱਗੇ ਬੈਠਾ ਕ੍ਰਿਕਟ ਵੇਖਦਿਆਂ ਚੌਪਈ ਸਾਹਿਬ ਦਾ ਪਾਠ ਕਰ ਰਿਹਾ ਸੀ ਕਿ ਇੰਡੀਆ ਜਿੱਤ ਜਾਵੇ। ਇਹ ਕੋਈ ਆਮ ਬੰਦਾ ਨਹੀਂ ਸੀ ਸਗੋਂ 1984 ਵੇਲੇ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਆਗੂ ਸੀ ਅਤੇ 1991 ਵਿਚ ਇਕ ਦਿਨ ਪਹਿਲਾਂ ਰੱਦ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰ ਵੀ ਸੀ। ਫਿਲਮਾਂ ਅਤੇ ਖੇਡਾਂ ਦੇ ਜ਼ਰੀਏ ਮੀਡੀਏ ਨੇ ਬਹੁਤ ਵੱਡੇ ਪੱਧਰ ‘ਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ ਹੈ। ਫੌਜਾਂ ਵਲੋਂ ਜਿਸਮਾਨੀ ਰੂਪ ਵਿਚ ਮਾਰਨ ਨਾਲੋਂ ਮੀਡੀਏ ਵਲੋਂ ਮਾਨਸਿਕ ਰੂਪ ਵਿਚ ਮਾਰਨਾ ਕਿਤੇ ਵੱਧ ਖ਼ਤਰਨਾਕ ਹੈ। ਐਨਾ ਖ਼ਤਰਨਾਕ ਕਿ ਮਰਨ ਵਾਲੇ ਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਮੈਂ ਮਰ ਗਿਆ ਹਾਂ। ਪੰਜਾਬ ਵਿਚ ਅਣਗਿਣਤ ਲੋਕ ਤੁਹਾਨੂੰ ਮਿਲਣਗੇ ਜਿਹੜੇ ਮੀਡੀਏ ਹੱਥੋਂ ਮਰਨ ਦੇ ਬਾਵਜੂਦ ਕਹੀ ਜਾਣਗੇ, ਯਾਰ ਮਨੋਰੰਜਨ ਤਾਂ ਕਰਨਾ ਈ ਹੋਇਆ।

ਸਿੱਖ ਸ਼ਹਾਦਤ, ਦਸੰਬਰ, 2007

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

"ਤੱਥ-ਪੜਚੋਲ-ਨਜ਼ਰੀਆ" ਦੀ ਇਕ ਕੜੀ ਵਿਚ ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਕੈਨੇਡਾ-ਇੰਡੀਆ ਕੂਟਨੀਤਕ ਖਿੱਚੋਤਾਣ ਦੌਰਾਨ ਇੰਡੀਅਨ ਮੀਡੀਏ ਵੱਲੋਂ ਕੀਤੀ ਜਾ ਰਹੀ ਝੂਠ-ਤਰਾਸ਼ੀ ਬਾਰੇ ਖਾਸ
"ਤੱਥ-ਪੜਚੋਲ-ਨਜ਼ਰੀਆ" ਦੀ ਇਕ ਕੜੀ ਵਿਚ ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਕੈਨੇਡਾ-ਇੰਡੀਆ ਕੂਟਨੀਤਕ ਖਿੱਚੋਤਾਣ ਦੌਰਾਨ ਇੰਡੀਅਨ ਮੀਡੀਏ ਵੱਲੋਂ ਕੀਤੀ ਜਾ ਰਹੀ ਝੂਠ-ਤਰਾਸ਼ੀ ਬਾਰੇ ਖਾਸ
ਕਿਸਾਨ ਜਥੇਬੰਦੀਆਂ ਆਪਣੇ ਧੜੇ ਦੇ ਲੋਕਾਂ ਅਤੇ ਮਾਰਕਸੀ ਕਿਸਮ ਦੇ ਰਾਜਸੀ ਖਿਆਲ ਦੀ ਅਗਵਾਈ ਕਰ ਰਹੀਆਂ ਹਨ ਪਰ ਮੋਰਚੇ ਉਤੇ ਪਹੁੰਚੇ ਲੋਕਾਂ ਦੀ ਗਿਣਤੀ ਅਤੇ ਭਾਵਨਾ ਓਹਨਾਂ ਦੇ ਘੇਰੇ ਅਤੇ
ਕਿਸਾਨਾਂ ਦੀ ਅਗਵਾਈ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਉਹਨਾਂ ਦਾ ਵਿਰੋਧ ਕਿਸੇ ਲੋਕਤੰਤਰੀ ਹਕੂਮਤ ਦੀ ਥਾਂ ਅਜਿਹੇ ਮਾਨਸਿਕ ਵਰਤਾਰੇ ਨਾਲ ਹੈ ਜਿਸਨੂੰ ਕਿਸੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: