ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਨਵੀਂ ਸਰਕਾਰ ਦੇ ਸੁੰਹ ਚੁੱਕ ਸਮਾਗਮ ਦੌਰਾਨ ਆਪ ਦੇ ਵਿਧਾਇਕਾਂ ਨੂੰ ਸਰਕਾਰੀ ਤੌਰ ‘ਤੇ ਬੁਲਾਵਾ ਮਿਲਣ ਉਪਰੰਤ ਰਾਜ ਭਵਨ ਪਹੁੰਚੇ ‘ਆਪ’ ਦੇ ਵਿਧਾਇਕਾਂ ਨੂੰ ਬੈਠਣ ਲਈ ਸਥਾਨ ਵੀ ਨਾ ਦਿੱਤਾ ਗਿਆ ਅਤੇ ਉਹ ਪੰਡਾਲ ਦੇ ਅੰਤ ਵਿਚ ਖੜ੍ਹੇ ਰਹੇ।
ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਦੇ ਸੀਨੀਅਰ ਨੇਤਾ ਅਤੇ ਦਾਖਾ ਤੋਂ ਵਿਧਾਇਕ ਐਚ.ਐਸ. ਫੂਲਕਾ ਅਤੇ ਭੁਲੱਥ ਤੋਂ ਵਿਧਾਇਕ ਅਤੇ ਵਿੱਪ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਲੋਂ ਚੁਣੇ ਗਏ ਆਪ ਦੇ ਨੁਮਾਇੰਦਿਆਂ ਦੇ ਬੈਠਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਫੂਲਕਾ ਨੇ ਕਿਹਾ ਕਿ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਮੁੱਖ ਮੰਤਰੀ ਸੁੰਹ ਚੁੱਕ ਰਹੇ ਸਨ ਅਤੇ ਵਿਰੋਧੀ ਧਿਰ ਦੇ ਮੁੱਖ ਆਗੂ ਆਪਣੇ ਸਾਥੀਆਂ ਸਮੇਤ ਪੰਡਾਲ ਦੇ ਅੰਤ ਵਿਚ ਖੜ੍ਹੇ ਸਨ।
ਫੂਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਕੋਈ ਕੁਰਸੀ ਕਲਚਰ ਨਹੀਂ ਹੈ ਅਤੇ ਉਹ ਕਿਸੇ ਪ੍ਰਕਾਰ ਦਾ ਵੀਆਈਪੀ ਪ੍ਰਬੰਧ ਨਹੀਂ ਚਾਹੁੰਦੇ ਸਨ। ‘ਆਪ’ ਹਮੇਸ਼ਾ ਆਮ ਲੋਕਾਂ ਵਾਂਗ ਵਿਚਰਨ ਵਿਚ ਵਿਸ਼ਵਾਸ ਰੱਖਦੀ ਹੈ ਅਤੇ ਸਾਰੇ ਆਗੂ ਇਸੇ ਸੋਚ ਦੇ ਧਾਰਨੀ ਹਨ। ਉਨਾਂ ਕਿਹਾ ਕਿ ਵਿਧਾਇਕਾਂ ਦੇ ਬੈਠਣ ਦਾ ਪ੍ਰਬੰਧ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਸੀ।

ਫੂਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਕਰਾਤਮਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਵੇਗੀ ਅਤੇ ਪੰਜਾਬ ਦੇ ਹਿੱਤਾਂ ਲਈ ਕੈਪਟਨ ਅਮਰਿੰਦਰ ਸਿੰਘ ਵਲੋਂ ਲਏ ਗਏ ਸਕਰਾਤਮਕ ਫੈਸਲਿਆਂ ਦਾ ਸਵਾਗਤ ਅਤੇ ਸਮਰਥਨ ਕਰੇਗੀ, ਇਹੀ ਸੰਦੇਸ਼ ਦੇਣ ਲਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਸੰਹੁ ਚੱਕ ਸਮਾਗਮ ਵਿਚ ਸ਼ਾਮਲ ਹੋਏ ਸਨ, ਪਰੰਤੂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਗੈਰ ਜ਼ਿੰਮੇਦਾਰੀ ਵਾਲਾ ਵਿਵਹਾਰ ਕੀਤਾ ਜੋ ਨਿੰਦਣਯੋਗ ਹੈ।
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸੁੰਹ ਚੁੱਕ ਸਮਾਗਮ ਕਾਂਗਰਸ ਦੇ ਕੰਮ ਕਰਨ ਦੇ ਸਭਿਆਚਾਰ ਨੂੰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਰਾਜਸ਼ਾਹੀ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਆਪ ਦੇ ਵਿਧਾਇਕ ਜਨਤਾ ਦੁਆਰਾ ਦਿੱਤੇ ਫਤਵੇ ਨੂੰ ਪ੍ਰਵਾਨ ਕਰਦਿਆਂ ਸਮਾਗਮ ਵਿਚ ਸ਼ਾਮਲ ਹੋਏ ਸਨ ਜਦੋਂ ਕਿ ਅਕਾਲੀ ਅਤੇ ਭਾਜਪਾ ਆਗੂਆਂ ਨੇ ਇਸ ਤੋਂ ਦੂਰੀ ਬਣਾਈ ਰੱਖੀ। ਉਨ੍ਹਾਂ ਕਿਹਾ ਕਿ ਆਪ ਵਿਧਾਇਕਾਂ ਨੂੰ ਸੀਟ ਨਾ ਦੇਣਾ ਪੰਜਾਬ ਦੇ ਲੋਕਾਂ ਦੀ ਬੇਇੱਜ਼ਤੀ ਹੈ।
ਖਹਿਰਾ ਨੇ ਕਿਹਾ ਕਿ ਕਾਂਗਰਸ ਆਪਣੇ ਰਾਜਸ਼ਾਹੀ ਅਤੇ ਜਨਤਾ ਤੋਂ ਦੂਰੀ ਬਣਾਉਣ ਦੇ ਸਭਿਆਚਾਰ ਤੋਂ ਬਾਹਰ ਨਹੀਂ ਆਈ ਹੈ ਅਤੇ ਪੰਜਾਬ ਦੇ ਲੋਕ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਇਸ ਸੋਚ ਨੂੰ ਪ੍ਰਵਾਨ ਨਹੀਂ ਕਰਨਗੇ। ਖਹਿਰਾ ਨੇ ਕਿਹਾ ਕਿ ਜੇਕਰ ਕਾਂਗਰਸ ਇਕ ਸਮਾਗਮ ਸਹੀ ਢੰਗ ਨਾਲ ਨਹੀਂ ਕਰਵਾ ਸਕਦੀ ਤਾਂ ਉਹ ਪੰਜਾਬ ਨੂੰ ਕਿਸ ਤਰ੍ਹਾਂ ਚਲਾਏਗੀ।
ਭੁਲੱਥ ਤੋਂ ਵਿਧਾਇਕ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਨੂੰ ਲੋਕਾਂ ਨਾਲ ਕੀਤੇ ਵਾਅਦੇ ਜਿਨ੍ਹਾਂ ਵਿਚ ਕਿ ਹਰ ਘਰ ਵਿਚ ਇਕ ਰੋਜ਼ਗਾਰ, ਕਿਸਾਨਾਂ ਦੇ ਕਰਜ਼ੇ ਮੁਆਫ ਕਰਨੇ ਅਤੇ ਪੰਜਾਬ ਵਿਚੋਂ ਨਸ਼ੇ ਖਤਮ ਕਰਨੇ ਸ਼ਾਮਲ ਹਨ ਨੂੰ ਪੂਰਾ ਕਰਨ ਲਈ ਆਪਣਾ ਸਹਿਯੋਗ ਦੇਵੇਗੀ। ਅਸੀਂ ਕਾਂਗਰਸ ਸਰਕਾਰ ਦੇ ਹਰ ਕਾਰਜ ਉਤੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਨਿਗਰਾਨੀ ਰੱਖਾਂਗੇ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੀ ਸੂਰਤ ਵਿਚ ਸਰਕਾਰ ਦੇ ਖਿਲਾਫ ਲੋਕਾਂ ਦੀ ਅਵਾਜ਼ ਵੀ ਉਠਾਵਾਂਗੇ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: