ਚੰਡੀਗੜ੍ਹ (13 ਅਗਸਤ, 2015): ਰਾਜਸਥਾਨ ਹਾਈਕੋਰਟ ਦੇ ਬੈਂਚ ਸਾਹਮਣੇ ਪੇਸ਼ ਹੁੰਦਿਆਂ ਆਬਕਾਰੀ ਕਮਿਸ਼ਨਰ ਓਮ ਪ੍ਰਕਾਸ਼ ਯਾਦਵ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਰਾਜਸਥਾਨ ਵਿਚ ਅੱਜ ਤੋਂ ਭੁੱਕੀ ਦੇ ਸਾਰੇ ਸਰਕਾਰੀ ਠੇਕੇ ਮੁਕੰਮਲ ਤੌਰ ‘ਤੇ ਬੰਦ ਕਰ ਦਿੱਤੇ ਗਏ ਹਨ ।

ਸ਼ਰਕਾਰ ਦੇ ਇਸ ਕਦਮ ਨਾਲ ਸਾਲ 2015-16 ਲਈ ਅਲਾਟ ਹੋਏ ਸਾਰੇ ਲਾਇਸੈਂਸ ਵੀ ਅੱਜ ਤੋਂ ਹੀ ਮੁਅੱਤਲ ਹੋ ਗਏ ਹਨ । ਸਰਕਾਰ ਨੇ ਪੂਰੇ ਰਾਜ ਅੰਦਰ ਠੇਕਿਆਂ ਨੂੰ ਜਾਰੀ ਹੋ ਚੁੱਕੀ ਭੁੱਕੀ ਦਾ ਸਮੁੱਚਾ ਸਟਾਕ ਆਪਣੇ ਕਬਜ਼ੇ ‘ਚ ਲੈਣਾ ਸ਼ੁਰੂ ਕਰ ਦਿੱਤਾ ਹੈ ।
ਜਲਦ ਹੀ ਹੁਣ ਹਾਈਕੋਰਟ ਦੇ ਹੁਕਮਾਂ ਮੁਤਾਬਿਕ ਤੈਅ ਨਿਯਮਾਂ ਤਹਿਤ ਸੂਬੇ ਵਿਚਲੇ ਸਰਕਾਰੀ ਹਸਪਤਾਲਾਂ ਰਾਹੀਂ ਹੀ ਸਿਰਫ਼ ਰਜਿਸਟਰਡ ਨਸ਼ੇੜੀਆਂ ਨੂੰ ਹੀ ਇੱਕ ਨਿਸ਼ਚਿਤ ਮਾਤਰਾ ਵਿਚ ਭੁੱਕੀ ਦੀ ਸਪਲਾਈ ਮਿਲੇਗੀ।
ਹਾਈਕੋਰਟ ਦੀ ਹੀ ਨਿਗਰਾਨੀ ਤਹਿਤ ਇਹ ਸਪਲਾਈ ਵੀ ਮਹੀਨਾ-ਦਰ-ਮਹੀਨਾ ਘੱਟ ਕਰਦੇ ਹੋਏ 31 ਮਾਰਚ, 2016 ਤੋਂ ਮੁਕੰਮਲ ਤੌਰ ‘ਤੇ ਬੰਦ ਕਰਨੀ ਹੋਵੇਗੀ ।
ਅੱਜ ਪਹਿਲਾਂ ਉਕਤ ਅਧਿਕਾਰੀ ਵੱਲੋਂ ਸਰਕਾਰੀ ਹਸਪਤਾਲਾਂ ਰਾਹੀਂ ਨਿਯਮਾਂ ਤਹਿਤ ਸਪਲਾਈ ਦੇ ਪ੍ਰਬੰਧ ਕੀਤੇ ਜਾਣ ਹਿੱਤ ਬੈਂਚ ਨੂੰ ਹੋਰ ਸਮਾਂ ਦੇਣ ਦੀ ਅਪੀਲ ਵੀ ਕੀਤੀ ਗਈ ਪਰ ਰਾਜਸਥਾਨ ਹਾਈਕੋਰਟ ਦੇ ਚੀਫ਼ ਜਸਟਿਸ ਸੁਨੀਲ ਅੰਬਾਨੀ ਤੇ ਜਸਟਿਸ ਅਜੀਤ ਸਿੰਘ ‘ਤੇ ਆਧਾਰਿਤ ਬੈਂਚ ਵੱਲੋਂ ਸਮਾਂ ਦੇਣ ਤੋਂ ਇਨਕਾਰ ਕਰਦਿਆ ਫ਼ੌਰੀ ਠੇਕੇ ਬੰਦ ਕੀਤੇ ਜਾਣ ਅਤੇ 31 ਮਾਰਚ, 2016 ਤੋਂ ਮੁਕੰਮਲ ਭੁੱਕੀ ਬੰਦੀ ਦੀ ਗੱਲ ਨੂੰ ਬਰਕਰਾਰ ਰੱਖਿਆ ਗਿਆ ਹੈ ।