ਨਵੀਂ ਦਿੱਲੀ(18 ਮਈ, 2015): ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਸਿੱਖ ਕ ਤਲੇਆਮ ਦੇ ਦੌਸ਼ਾਂ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਬਦਨਾਮ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਸਾਥੀ ਦੀ ਮੌਤ ਬਾਰੇ ਦਿੱਲੀ ਦੀ ਇਕ ਅਦਾਲਤ ਨੇ ਭਾਰਤੀ ਜਾਂਚ ਏਜ਼ੰਸੀ ਸੀਬੀਆਈ ਨੂੰ ਕਿਹਾ ਹੈ ਕਿ ਉਹ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੁਲਜਮ ਦੀ ਮੌਤ ਦੀ ਅਸਲੀਅਤ ਬਾਰੇ ਪੜਤਾਲ ਕਰੇ।

ਜ਼ਿਲ੍ਹਾ ਜੱਜ ਰਾਕੇਸ਼ ਸਿਧਾਰਥ ਨੇ ਏਜੰਸੀ ਨੂੰ ਕਿਹਾ ਕਿ ਉਹ ਮਾਮਲੇ ਦੀ ਪੜਤਾਲ ਕਰੇ ਅਤੇ 17 ਜੁਲਾਈ ਨੂੰ ਇਸ ਬਾਰੇ ਅਦਾਲਤ ਨੂੰ ਜਾਣਕਾਰੀ ਦੇਵੇ। ਅਦਾਲਤ ਨੂੰ ਸੀ. ਬੀ. ਆਈ. ਦੇ ਵਕੀਲ ਡੀ. ਪੀ. ਸਿੰਘ ਨੇ ਦੱਸਿਆ ਸੀ ਕਿ ਦੋਸ਼ੀ ਪੀਰਿਆ ਦੀ ਕਲ੍ਹ ਮੌਤ ਹੋ ਗਈ ਪਰ ਏਜੰਸੀ ਨੇ ਅੱਜੇ ਇਸ ਹਕੀਕਤ ਦੀ ਪੜਤਾਲ ਕਰਨੀ ਹੈ।
ਮਾਣਯੋਗ ਜੱਜ ਨੇ ਇਹ ਵੀ ਕਿਹਾ ਕਿ ਮੁਦਈ ਪੱਖ ਦੀ ਗਵਾਹ ਪ੍ਰੇਮ ਕੌਰ ਜਿਹੜੀ ਅਦਾਲਤ ਵਿਚ ਮੌਜੂਦ ਸੀ ਦੀ ਪੀਰਿਆ ਦੀ ਮੌਤ ਕਾਰਨ ਅੱਜ ਜਿਰਾਹ ਨਹੀਂ ਕੀਤੀ ਜਾ ਸਕਦੀ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਇਕ ਹੋਰ ਦੋਸ਼ੀ ਵੇਦ ਪ੍ਰਕਾਸ਼ ਹਸਪਤਾਲ ‘ਚ ਦਾਖ਼ਲ ਹੈ।
ਪੱਛਮੀ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿਚ ਸੁਰਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਸੱਜਣ ਕੁਮਾਰ, ਬ੍ਰਹਮਾਨੰਦ ਗੁਪਤਾ, ਪੀਰੀਆ ਅਤੇ ਵੇਦ ਪ੍ਰਕਾਸ਼ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।