ਰਾਜਸੀ ਕੈਦੀਆਂ ਦੀ ਰਿਹਾਈ ਲਈ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ
ਜੰਮੂ (7 ਮਾਰਚ, 2015): ਪੀਡੀਪੀ ਨੇ ਸੱਤਾ ਵਿਚ ਆਉਣ ਤੋਂ ਕੁੱਝ ਹੀ ਦਿਨਾਂ ਬਾਅਦ ਅੱਜ ਹੁਰੀਅਤ ਦੇ ਆਗੂ ਮਸਰਤ ਆਲਮ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿਤੇ ਹਨ। ਆਲਮ ਉੱਤੇ ਦੋਸ਼ ਸੀ ਕਿ ਉਸ ਨੇ ਸਾਲ 2008 ਅਤੇ 2010 ‘ਚ ਵਾਦੀ ‘ਚ ਪੱਥਰਬਾਜ਼ੀ ਦੀਆਂ ਘਟਨਾਵਾਂ ਦੀ ਅਗਵਾਈ ਕੀਤੀ ਸੀ। ਅਪਣੀ ਭਾਈਵਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਰੋਧ ਦੇ ਬਾਵਜੂਦ ਸੂਬਾ ਸਰਕਾਰ ਨੇ ਆਲਮ ਦੀ ਰਿਹਾਈ ਦਾ ਹੁਕਮ ਦਿਤਾ ਹੈ।
ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਸੂਬਾ ਸਰਕਾਰ ਹੋਰ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਦੇ ਸਕਦੀ ਹੈ।

ਅਖਬਾਰੀ ਖਬਰਾਂ ਅਨੁਸਾਰ ਮੁਫ਼ਤੀ ਦੇ ਇਸ ਫ਼ੈਸਲੇ ਨਾਲ ਭਾਜਪਾ ਅੰਦਰ ਜ਼ਬਰਦਸਤ ਨਾਰਾਜ਼ਗੀ ਹੈ ਹਾਲਾਂਕਿ ਪਾਰਟੀ ਨੇ ਇਸ ਬਾਰੇ ਖੁਲ੍ਹ ਕੇ ਕੁੱਝ ਨਹੀਂ ਕਿਹਾ। ਸਰਕਾਰ ਨੇ ਕਿਹਾ ਹੈ ਕਿ ਜਿਨ੍ਹਾਂ ਸਿਆਸੀ ਕੈਦੀਆਂ ਆਗੂਆਂ ਵਿਰੁਧ ਕੋਈ ਅਪਰਾਧਕ ਦੋਸ਼ ਨਹੀਂ, ਉਨ੍ਹਾਂ ਨੂੰ ਰਿਹਾਅ ਕਰਨ ਦੀ ਨੀਤੀ ਬਣਾਈ ਗਈ ਹੈ।
ਜੰਮੂ ਕਸ਼ਮੀਰ ਮੁਸਲਿਮ ਲੀਗ ਦਾ ਪ੍ਰਧਾਨ ਆਲਮ ਬਾਰਾਮੂਲਾ ਦੀ ਇਕ ਜੇਲ ‘ਚ ਬੰਦ ਹੈ। ਇਥੋਂ ਦੇ ਸੀਨੀਅਰ ਪੁਲਿਸ ਅਫ਼ਸਰ ਨੇ ਕਿਹਾ ਕਿ 42 ਸਾਲਾਂ ਦੇ ਆਲਮ ਦੀ ਰਿਹਾਈ ਦੇ ਹੁਕਮ ਸੂਬੇ ਦੇ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਹਨ ਅਤੇ ਉਹ ਤਕਨੀਕੀ ਤੌਰ ‘ਤੇ ਹੁਣ ਆਜ਼ਾਦ ਹੈ। ਉਨ੍ਹਾਂ ਕਿਹਾ ਕਿ ਰਸਮੀ ਕਾਰਵਾਈਆਂ ਤੋਂ ਬਾਅਦ ਆਲਮ ਨੂੰ ਰਿਹਾਅ ਕਰ ਦਿਤਾ ਜਾਵੇਗਾ।
ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਕੇ. ਰਜਿੰਦਰ ਨੇ ਕਿਹਾ ਕਿ ਪੁਲਿਸ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਅਦ ਦੇ ਹੁਕਮਾਂ ਦੀ ਪਾਲਣਾ ਕਰੇਗੀ ਜਿਨ੍ਹਾਂ ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਸੀ ਜਿਨ੍ਹਾਂ ਵਿਰੁਧ ਕੋਈ ਅਪਰਾਧਕ ਦੋਸ਼ ਨਹੀਂ ਲੱਗਾ ਹੈ।
ਬੁਧਵਾਰ ਨੂੰ ਸਈਅਦ ਨੇ ਪੁਲਿਸ ਮੁਖੀ ਨਾਲ ਬੈਠਕ ਕੀਤੀ ਸੀ ਅਤੇ ਕਿਹਾ ਸੀ ਕਿ ਸੂਬੇ ਅੰਦਰ ਜੇਲਾਂ ‘ਚ ਬੰਦ ਅਜਿਹੇ ਸਿਆਸੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ ਜਿਨ੍ਹਾਂ ਵਿਰੁਧ ਕੋਈ ਅਪਰਾਧਕ ਦੋਸ਼ ਨਹੀਂ।