
ਭਗਤਾ ਭਾਈਕਾ (12 ਨਵੰਬਰ, 2014): ਪੁਲਿਸ ਅੰਦਰ ਭਰਤੀ ਹੋਣ ਉਪਰੰਤ ਅੰਮ੍ਰਿਤਪਾਨ ਕਰਨ ਅਤੇ ਡਿਊਟੀ ਦੌਰਾਨ ਸਿਰ ‘ਤੇ ਦੁਮਾਲਾ ਸਜ਼ਾ ਕੇ ਰੱਖਣ ਵਾਲੀ ਬੀਬੀ ਜਸਵੀਰ ਕੌਰ ਦੀ ਪਿਛਲੇ ਦਿਨਾਂ ਵਿੱਚ ਵਰਦੀ ਨਾਲ ਦੁਮਾਲਾ ਸਜਾਈ ਫ਼ੋਟੋ ਸੋਸ਼ਲ ਮੀਡੀਏ ਅੰਦਰ ਪਾਈ ਗਈ, ਜਿਹਨੂੰ ਦੇਸ਼ਾਂ-ਵਿਦੇਸ਼ਾਂ ਵਿਚ ਵੱਸਦੇ ਹਜ਼ਾਰਾਂ ਪੰਜਾਬੀਆਂ ਵੱਲੋਂ ਪਸੰਦ ਕੀਤਾ ਗਿਆ ਹੈ।
ਦੇਸ਼ਾਂ ਵਿਦੇਸ਼ਾਂ ਅੰਦਰ ਖਿੱਚ ਦਾ ਕੇਂਦਰ ਬਣੀ ਪੰਜਾਬ ਪੁਲਿਸ ਦੀ ਅੰਮ੍ਰਿਤਧਾਰੀ ਨੌਜਵਾਨ ਮਹਿਲਾ ਕਾਂਸਟੇਬਲ ਬੀਬੀ ਜਸਵੀਰ ਕੌਰ ਰਾਮੂੰਵਾਲਾ ਦਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਸਿਰੋਪਾਉ ਅਤੇ ਸ਼ਾਲ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਬੀਬੀ ਜਸਵੀਰ ਕੌਰ ਵੱਲੋਂ ਪੁਲਿਸ ਸਟੇਸ਼ਨ ਭਗਤਾ ਭਾਈਕਾ (ਬਠਿੰਡਾ) ਵਿਖੇ ਆਪਣੀ ਡਿਊਟੀ ਸਮੇਂ ਦੁਮਾਲਾ ਸਜਾਕੇ ਰੱਖਣ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਸਿੱਖ ਇਤਿਹਾਸ ਅੰਦਰ ਔਰਤਾਂ ਦਾ ਅਹਿਮ ਰੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪੱਛਮੀ ਸਭਿਆਚਾਰ ਦਾ ਵਧੇਰੇ ਬੋਲਬਾਲਾ ਹੋਣ ਕਾਰਨ ਸਿੱਖ ਪਰਿਵਾਰਾਂ ਦੇ ਵਧੇਰੇ ਨੌਜਵਾਨ ਪਤਿਤਪੁਣੇ ਦਾ ਸ਼ਿਕਾਰ ਹੋ ਗਏ ਹਨ, ਜਦਕਿ ਧੀਆਂ ਅੰਦਰ ਵੀ ਅੰਮ੍ਰਿਤਪਾਨ ਦੇ ਰੁਝਾਨ ‘ਤੇ ਵੀ ਬੁਰਾ ਪ੍ਰਭਾਵ ਪਿਆ ਹੈ।
ਗਿਆਨੀ ਨੰਦਗੜ੍ਹ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਅਲਾਮਤਾਂ ਤੋਂ ਦੂਰ ਹੋ ਕੇ ਵੱਧ ਤੋਂ ਵੱਧ ਸਿੰਘ ਸਜਣ ਦਾ ਸੱਦਾ ਦਿੱਤਾ। ਬੀਬੀ ਜਸਵੀਰ ਕੌਰ ਪੁੱਤਰੀ ਸਵ: ਬਲਵਿੰਦਰ ਸਿੰਘ ਵਾਸੀ ਰਾਮੂੰਵਾਲਾ (ਬਠਿੰਡਾ) ਪੰਜਾਬ ਪੁਲਿਸ ਦੀ ਪਿਛਲੀ ਭਰਤੀ ਦੌਰਾਨ ਮਹਿਲਾ ਕਾਂਸਟੇਬਲ ਨਿਯੁਕਤ ਹੋਈ ਹੈ।