ਨਵੀਂ ਦਿੱਲੀ (19 ਸਤੰਬਰ, 2014): ਚੀਨੀ ਰਾਸ਼ਟਰਪਤੀ ਦੀ ਭਾਰਤੀ ਫੇਰੀ ਦੇ ਵਿਰੋਧ ਵਿੱਚ ਤਿੱਬਤੀ ਸ਼ਰਨਾਰਥੀਆਂ ਦਾ ਆਜ਼ਾਦੀ ਪ੍ਰਦਰਸ਼ਨ ਭਾਰਤ ਦੀ ਰਾਜਧਾਨੀ ਦਿੱਲੀ ‘ਚ ਅੱਜ ਵੀ ਜਾਰੀ ਰਿਹਾ।ਪ੍ਰਦਰਸ਼ਨਕਾਰੀਆਂ ਨੇ ਹੱਥਾਂ ‘ਚ ਤਿੱਬਤ ਦੇ ਝੰਡੇ ਲਏ ਹੋਏ ਸਨ ਤੇ ਚੀਨੀ ਗੁਲਾਮੀ ਵਿਰੁੱਧ ਤਿੱਬਤੀ ਆਜ਼ਾਦੀ ਦੇ ਨਾਅਰੇ ਲਗਾ ਰਹੇ ਸਨ।

ਉਨ੍ਹਾਂ ਤਾਜ ਪੈਲੇਸ ਹੋਟਲ ਵੱਲ ਤਿੱਬਤੀ ਅਜ਼ਾਦੀ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ, ਜਿੱਥੇ ਜਿਨਪਿੰਗ ਆਪਣੀ ਪਤਨੀ ਨਾਲ ਠਹਿਰੇ ਹੋਏ ਸਨ। ਪੁਲਿਸ ਨੇ ਅਜ਼ਾਦੀ ਮਾਰਚ ਨੂੰ ਅਧਵਾਟੇ ਹੀ ਰੋਕ ਲਿਆ ਤੇ 3 ਔਰਤਾਂ ਸਮੇਤ 20 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈ ਲਿਆ।
ਤਿੱਬਤੀਆਂ ਨੇ ਵੀਰਵਾਰ ਨੂੰ ਕੇਂਦਰੀ ਦਿੱਲੀ ਸਥਿਤ ਹੈਦਰਾਬਾਦ ਹਾਊਸ ‘ਤੇ ਵੀ ਪ੍ਰਦਰਸ਼ਨ ਕੀਤਾ ਸੀ ਜਿਸ ਦੇ ਬਾਅਦ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ। ਹੈਦਰਾਬਾਦ ਹਾਊਸ ‘ਚ ਜਿਨਪਿੰਗ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਰਮਿਆਨ ਗੱਲਬਾਤ ਹੋਈ ਸੀ।
ਇੱਥੇ ਇਹ ਵਰਨਣਯੋਗ ਹੈ ਕਿ ਤਿੱਬਤ ਦੇ ਲੋਕ ਚੀਨ ਤੋਂ ਅਜ਼ਾਦੀ ਚਾਹੁੰਦੇ ਹਨ, ਪਰ ਚੀਨ ਜਬਰਦਸਤੀ ਤਿੱਬਤੀ ਅਜ਼ਾਦੀ ਲਹਿਰ ਨੂੰ ਦਬਾਅ ਰਿਹਾ ਹੈ। ਤਿੱਬਤ ਦੇ ਅਜ਼ਾਦੀ ਸੰਘਰਸ਼ ਦੀ ਅਗਵਾਈ ਕਰ ਰਹੇ ਤਿੱਬਤੀ ਧਾਰਮਕਿ ਤੇ ਰਾਜਸੀ ਆਗੂ ਦਲਾਈਨਾਮਾ ਨੇ ਭਾਰਤ ਵਿੱਚ ਸ਼ਰਨ ਲਈ ਹੋਈ ਹੈ ਅਤੇ ਉਹ ਇਥੋਂ ਹੀ ਤਿੱਬਤ ਦੀ ਜਲਾਵਤਨ ਸਰਕਾਰ ਦੇ ਮੱਖੀ ਦੇ ਤੌਰ ਤੇ ਤਿੱਬਤੀ ਅਜ਼ਾਦੀ ਸੰਘਰਸ਼ ਦੀ ਅਗਵਾਈ ਕਰ ਰਿਹਾ ਹੈ।