ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਵਿੱਚ ਇਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਅਜਾਦੀ ਮਾਰਚ ਕੱਢਿਆ ਗਿਆ। ਕੋਤਵਾਲੀ ਚੌਕ ਸਥਿਤ ਗੁਰਦੁਆਰਾ ਸੰਤੋਖਸਰ ਤੋਂ ਸ਼ੁਰੂ ਹੋਕੇ ਇਹ ਅਜਾਦੀ ਮਾਰਚ ਕਟੜਾ ਜੈਮਲ ਸਿੰਘ, ਚੌਕ ਫਰੀਦ, ਰੀਜੈਂਟ ਸਿਨੇਮਾ ਚੌਕ ਤੋਂ ਹਾਲ ਗੇਟ ਰਾਹੀਂ ਮੁੜ ਸ਼ਹਿਰ ਵਿੱਚ ਦਾਖਲ ਹੋਕੇ ਹਾਲ ਬਜਾਰ, ਕੋਤਵਾਲੀ ਚੌਕ, ਸ਼ੇਰੇ ਪੰਜਾਬ ਚੌਕ, ਜਲਿਆਵਾਲਾ ਬਾਗ ਸੜਕ ਰਾਹੀਂ ਸ੍ਰੀ ਦਰਬਾਰ ਸਾਹਿਬ ਵਿਖੇ ਆਕੇ ਸਮਾਪਤ ਹੋਇਆ।

ਇਸਤੋਂ ਪਹਿਲਾਂ ਗੁ:ਸੰਤੋਖ ਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਦੇ ਸਰਪ੍ਰਸਤ ਸ੍ਰ:ਈਮਾਨ ਸਿੰਘ ਮਾਨ, ਦਲ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ:ਮਹਿੰਦਰ ਪਾਲ ਸਿੰਘ, ਅਮਰੀਕ ਸਿੰਘ ਬਲੋਵਾਲ, ਕਰਨੈਲ ਸਿੰਘ ਨਾਰੀਕੇ, ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਦਫਤਰ ਸਕੱਤਰ ਨਵਦੀਪ ਸਿੰਘ, ਸਿੱਖ ਯੂਥ ਫੈਡਰਸ਼ਨ ਭਿੰਡਰਾਂਵਾਲਾ(ਅ) ਦੇ ਡਾ:ਗੁਰਜਿੰਦਰ ਸਿੰਘ, ਪ੍ਰਗਟ ਸਿੰਘ ਮਖੂ, ਜਥਾ ਹਿੰਮਤ-ਏ-ਖਾਲਸਾ ਦੇ ਭਾਈ ਪੰਜਾਬ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਪਾਰਸ ਸਿੰਘ ਦੀ ਅਗਵਾਈ ਵਿੱਚ ਸੈਂਕੜੈ ਪਾਰਟੀ ਵਰਕਰ ਇੱਕਤਰ ਹੋਏ। ਅਜਾਦੀ ਮਾਰਚ ਵਿੱਚ ਸ਼ਾਮਿਲ ਹੋਣ ਲਈ ਪਾਰਟੀ ਵਰਕਰਾਂ ਨੇ ਹੱਥਾਂ ਵਿੱਚ ਜੂਨ ’84 ਤੋਂ ਲੈਕੇ ਹੁਣ ਤੀਕ ਭਾਰਤ ਸਰਕਾਰ ਵਲੋਂ ਸਿੱਖਾਂ ਤੇ ਘੱਟ ਗਿਣਤੀਆਂ ਉਪਰ ਕੀਤੇ ਗਏ ਅਤਿਆਚਾਰ ਨਾਲ ਸਬੰਧਤ ਪਲੇਅ ਕਾਰਡ, ਬੈਨਰ ਅਤੇ ਵੱਡੀ ਗਿਣਤੀ ਖਾਲਿਸਤਾਨੀ ਝੰਡੇ ਫੜੇ ਹੋਏ ਸਨ। ਗੁ:ਸੰਤੋਖ ਸਰ ਸਾਹਿਬ ਵਿਖੇ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ ਨੇ ਆਰੰਭਤਾ ਦੀ ਅਰਦਾਸ ਕੀਤੀ।
ਸਮੁਚੇ ਰਸਤੇ ਸਤਿਨਾਮ ਵਾਹਿਗੁਰੂ ਦੇ ਜਾਪ ਦੇ ਨਾਲ ਨਾਲ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਗੂੰਜਦੇ ਰਹੇ। ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਅਜਾਦੀ ਮਾਰਚ ਦੀ ਸਮਾਪਤੀ ਦੀ ਅਰਦਾਸ ਭਾਈ ਅਮਰੀਕ ਸਿੰਘ ਅਜਨਾਲਾ ਨੇ ਹੀ ਕੀਤੀ ਉਪਰੰਤ ਬੋਲੇ ਸੋ ਨਿਹਾਲ ਦੇ ਅਕਾਸ਼ ਗੁੰਜਾਊ ਨਾਅਰਿਆਂ ਦੇ ਨਾਲ ਹੀ ਖਾਿਲਸਤਾਨ ਜਿੰਦਾਬਾਦ ਦੇ ਨਾਅਰੇ ਗੂੰਜ ਗਏ। ਇਸ ਮੌਕੇ ਗਲਬਾਤ ਕਰਦਿਆਂ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਸਿੱਖਾਂ ਅਤੇ ਵਿਸ਼ੇਸ਼ ਕਰਕੇ ਘੱਟ ਗਿਣਤੀਆਂ ਨੂੰ ਜਖਮ ਦੇਣ ਤੋਂ ਸੰਕੋਚ ਨਹੀ ਕਰਦੀਆਂ ਰਹੀਆਂ ਲੇਕਿਨ ਸਿੱਖ ਕੌਮ ਦੀ ਫਿਤਰਤ ਵੀ ਵਿਲੱਖਣ ਹੈ, ਇਸਦੀ ਸੋਚ, ਇਸਦੀ ਮਾਨਸਿਕਤਾ ਵੱਖਰੀ ਹੈ ਕਿਉਂਕਿ ਇਹ ਕੌਮ ਰਾਜ ਭਾਗ ਕਰਨ ਵਾਲੀ ਕੌਮ ਹੈ। ਇਸਨੇ ਦਰਦ ਸਹਿੰਦਿਆਂ ਵੀ ਅਜਾਦੀ ਦੇ ਰਾਹ ਟੁਰੀ ਜਾਣਾ ਹੈ। ਕਿਉਂਕਿ ਇਹ ਗੁਲਾਮੀ ਹਰਗਿਜ ਬਰਦਾਸ਼ਤ ਨਹੀ ਕਰ ਸਕਦੀ। ਉਨ੍ਹਾਂ ਕਿਹਾ ਕਿ ਜੋ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਕੌਮ ਦੀ ਭਵਿਖਤ ਨੀਤੀ ਕੀ ਹੈ ਉਨ੍ਹਾਂ ਲਈ ਸਪਸ਼ਟ ਉਤਰ ਅੱਜ ਦਾ ਇਹ ਅਜਾਦੀ ਮਾਰਚ ਹੈ।
ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਪ੍ਰੋ:ਮਹਿੰਦਰ ਪਾਲ ਸਿੰਘ ਹੁਰਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇੱਕ ਨੁਕਾਤੀ ਪ੍ਰੋਗਰਾਮ ਸਿੱਖ ਕੌਮ ਨੂੰ ਗੁਲਾਮੀ ਦੇ ਜੂਲੇ ਹੇਠੋਂ ਕੱਢਣਾ ਹੈ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਮੇਲ ਸਿੰਘ ਸ਼ੇਰਗਿੱਲ, ਪ੍ਰਿਤਪਾਲ ਸਿੰਘ, ਬਹਾਦਰ ਸਿੰਘ ਭਸੌੜ, ਬਲਵਿੰਦਰ ਸਿੰਘ ਕਾਲਾ, ਸੁਲੱਖਣ ਸਿੰਘ ਸ਼ਾਹਕੋਟ ਪ੍ਰਮੁਖਤਾ ਨਾਲ ਹਾਜਰ ਸਨ। ਜਿਲ੍ਹਾ ਪ੍ਰਸ਼ਾਸ਼ਨ ਵਜੋਂ ਅਜਾਦੀ ਮਾਰਚ ਦੇ ਨਾਲ ਨਾਲ ਪੰਜਾਬ ਪੁਲਿਸ, ਕਮਾਂਡੋ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਤੋਰੇ ਹੋਏ ਸਨ।