ਪੰਚਕੂਲਾ: ਇੱਥੋਂ ਦੀ ਸਥਾਨਕ ਅਦਾਲਤ ਨੇ ਅੱਜ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਆਪਣੇ ਪ੍ਰੇਮੀਆਂ ਨੂੰ ਜ਼ਬਰਦਸਤੀ ਨਿਪੁੰਸਕ ਬਣਾਉਣ ਦੇ ਮਾਮਲੇ ਵਿਚ ਦੋਸ਼ ਤੈਅ ਕਰ ਦਿੱਤੇ।
ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿਚ ਜੇਲ੍ਹ ਅੰਦਰ ਬੰਦ ਗੁਰਮੀਤ ਰਾਮ ਰਹੀਮ ਸਮੇਤ ਇਸ ਕੰਮ ਵਿਚ ਸ਼ਾਮਿਲ ਦੋ ਡਾਕਟਰਾਂ ਖਿਲਾਫ ਵੀ ਦੋਸ਼ ਤੈਅ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ 23 ਦਸੰਬਰ, 2014 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਬੀਆਈ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਸੀ। ਇਸ ਸਬੰਧੀ ਅਦਾਲਤ ਵਿਚ ਡੇਰਾ ਸਿਰਸਾ ਦੇ ਸਾਬਕਾ ਪ੍ਰੇਮੀ ਹੰਸਰਾਜ ਚੌਹਾਨ ਵਲੋਂ ਅਪੀਲ ਪਾਈ ਗਈ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਉਸਨੂੰ ਡੇਰਾ ਮੁਖੀ ਨੇ ਜ਼ਬਰਦਸਤੀ ਨਪੁੰਸਕ ਬਣਾਇਆ ਹੈ।