ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੇ ਥਾਣਾ ਰਮਦਾਸ ਦੇ ਪਿੰਡ ਮੱਦੂਛਾਂਗਾ ਵਿਖੇ ਇੱਕ ਸ਼ਰਾਰਤੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 13-14 ਅੰਗ ਪਾੜੇ ਜਾਣ ਦੀ ਵਾਪਰੀ ਮੰਦਭਾਗੀ ਘਟਨਾ ਤੋਂ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਦੋਸ਼ੀ ਨੂੰ ਪੁਲਿਸ ਪਾਸੋਂ ਖੋਹ੍ਹਣ ਦੀ ਕੋਸ਼ਿਸ਼ ਕਰਨ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਰਮਦਾਸ ਦੇ ਘੇਰੇ ਅੰਦਰ ਆਉਂਦੇ ਪਿੰਡ ਮੱਦੂਛਾਂਗਾ, ਤਲਵੰਡੀ ਭੰਗਵਾ ਅਤੇ ਕੋਟ ਮੁਗਲ ਦੇ ਪਿੰਡਾਂ ਦਾ ਸਾਂਝਾ ਗੁਰਦੁਆਰਾ ਮਨਸਾ ਪੂਰਨ ਸਾਹਿਬ ਹੈ। ਬੀਤੇ ਕਲ੍ਹ ਰਹਿਰਾਸ ਕਰਨ ਪੁੱਜੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਭਾਈ ਭੁੱਪਿੰਦਰ ਸਿੰਘ ਰਹਿਰਾਸ ਸਾਹਿਬ ਦਾ ਪਾਠ ਕਰਨ ਲੱਗਾ ਤਾਂ ਵੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 729 ਤੋਂ 741 ਤੱਕ ਅੰਗ ਪਾੜੇ ਹੋਏ ਸਨ। ਉਨ੍ਹਾਂ ਇਸ ਸਬੰਧ ਵਿਚ ਪਿੰਡ ਤਲਵੰਡੀ ਭੰਗਵਾ, ਮੱਦੂਛਾˆਗਾ ਅਤੇ ਕੋਟ ਮੁਗਲ ਦੇ ਨੰਬਰਦਾਰ, ਸਰਪੰਚ ਅਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਸੂਚਿਤ ਕੀਤਾ ਤਾਂ ਤਿੰਨਾ ਪਿੰਡਾਂ ਦੇ ਮੋਹਤਬਰ ਵਿਅਕਤੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਏ।