ਲੁਧਿਆਣਾ, ਪੰਜਾਬ (12 ਅਪ੍ਰੈਲ, 2012): ਅੱਜ ਜਿੱਦਾਂ ਹੀ ਇਹ ਖਬਰ ਨਸ਼ਰ ਹੋਈ ਕਿ ਭਾਰਤ ਸਰਕਾਰ ਦੇ ਮੰਤਰੀ ਮੰਡਲ ਨੇ ਆਨੰਦ ਮੈਰਿਜ ਐਕਟ, 1909 ਵਿਚ ਤਰਮੀਮ (ਸੋਧ) ਕਰਨ ਲਈ ਬਿੱਲ ਪਾਰਲੀਮੈਂਟ ਵਿਚ ਪੇਸ਼ ਕਰਨ ਨੂੰ ਮਨਜੂਰੀ ਦੇ ਦਿੱਤੀ ਹੈ ਤਾਂ ਇਸ ਮਸਲੇ ਬਾਰੇ ਕਈ ਤਰ੍ਹਾਂ ਦੀ ਚਰਚਾ ਸ਼ੁਰੂ ਹੋ ਗਈ। ਮੀਡੀਆ ਹਲਕਿਆਂ ਵਿਚ ਵੀ ਇਸ ਦੀ ਖੂਬ ਚਰਚਾ ਛਿੜ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਸਿੱਖਾਂ ਦਾ ਚਿਰਾਂ ਤੋਂ ਲਮਕ ਰਿਹਾ ਅਹਿਮ ਮਸਲਾ ਹੱਲ ਹੋ ਗਿਆ ਹੈ। ਕਈ ਸੱਜਣਾਂ ਨੇ ਸਮਾਜਕ ਸੰਪਰਕ ਮੰਚਾਂ, ਜਿਵੇਂ ਕਿ ਫੇਸਬੁੱਕ ਵਗੈਰਾ, ਉੱਤੇ ਇਹ ਐਲਾਨ ਕਰ ਦਿੱਤਾ ਕਿ ਆਨੰਦ ਮੈਰਿਜ ਐਕਟ ਪਾਸ ਹੋ ਚੁੱਕਾ ਹੈ।