ਅੱਜਕੱਲ੍ਹ ਹਰ ਸਿੱਖ ਦੀ ਜ਼ੁਬਾਨ ’ਤੇ ਜੇ ਕੋਈ ਨਾਮ ਦਿਨ-ਰਾਤ ਬਾਰ-ਬਾਰ ਦੋਹਰਾਇਆ ਜਾ ਰਿਹਾ ਹੈ ਤਾਂ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮਾਣਮੱਤੀ ਹਸਤੀ ਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਵਲੋਂ, ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ‘ਜ਼ਿੰਦਾ ਸ਼ਹੀਦ’ ਵਜੋਂ ਸਤਿਕਾਰੇ ਗਏ ਭਾਈ ਰਾਜੋਆਣਾ, ਇਸ ਵੇਲੇ ਇੱਕ ਦ੍ਰਿੜਤਾ ਦੇ ਪ੍ਰਤੀਕ, ਮੌਤ ਤੋਂ ਬੇਖੌਫ, ਭਾਰਤੀ ਹਾਕਮਾਂ ਨੂੰ ਵੰਗਾਰਨ ਵਾਲੇ ਅਤੇ ਅਕਾਲੀਆਂ ਨੂੰ ਪੰਥਕ-ਨਿਸ਼ਾਨੇ ਤੋਂ ਭਗੌੜੇਪਨ ਦਾ ਸ਼ੀਸ਼ਾ ਦਿਖਾਉਣ ਵਾਲੇ 28 ਮਿਲੀਅਨ ਸਿੱਖ ਕੌਮ ਦੇ ਪ੍ਰੇਰਨਾਸ੍ਰੋਤ ਵਜੋਂ ਉਭਰੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਜੁਝਾਰੂਵਾਦ ਦੇ ਪਿੜ ਵਿੱਚ ਵੀ, ਇੱਕ ਵੱਡੇ ਦੁਸ਼ਟ (ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ) ਨੂੰ, ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਨਾਲ ਮਿਲ ਕੇ ਸਜ਼ਾ ਯਾਫਤਾ ਕਰਕੇ, ਵੱਡਾ ਨਾਮਣਾ ਖੱਟਿਆ ਸੀ ਪਰ ਹੁਣ ਤਾਂ ਉਨ੍ਹਾਂ ਨੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਲਾਜਵਾਬ ਵਿਰਾਸਤ ਨੂੰ, ਆਪਣੀ ਵਿਰਾਸਤ ਨਾਲ ਜੋੜ ਕੇ, ਭਵਿੱਖ ਦੀਆਂ ਪੀੜੀਆਂ ਲਈ ਖਾਲਿਸਤਾਨੀ ਯੋਧਿਆਂ ਦੇ ਇਤਹਿਾਸ ਦਾ ਇੱਕ ਸੁਨਹਿਰੀ ਅਧਿਆਏ ਹੋਰ ਜੋੜ ਦਿੱਤਾ ਹੈ।