ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸੁਣਾਈ ਫ਼ਾਂਸੀ ਦੀ ਸਜ਼ਾ ਨੇ, ਨਿਸ਼ਚਤ ਰੂਪ ਵਿਚ, ਸਿੱਖ ਕੌਮ ਨੂੰ ਗੂੜ੍ਹੀ ਨੀਂਦਰੋਂ ਜਗਾ ਦਿਤਾ ਹੈ। ਕੌਮ ਉਤੇ ਛਾਈ ਨੇਸਤੀ ਦਿਨਾਂ ਵਿਚ ਹੀ ਕਾਫ਼ੂਰ ਹੋ ਗਈ ਹੈ। ਦਿਲਗ਼ੀਰੀ ਗਰਮਜ਼ੋਸ਼ੀ ਵਿਚ ਬਦਲ ਗਈ ਹੈ। ਇਤਿਹਾਸ ਦੇ ਇਕ ਲੰਮੇ ਤੇ ਉਦਾਸ ਦੌਰ ਤੋਂ ਬਾਅਦ, ਸਿੱਖ ਕੌਮ ਉਤੇ ਮੁੜ ਤੋਂ ਚੜ੍ਹਿਆ ਕੇਸਰੀ ਰੂਪ ਇਸ ਸੱਚਾਈ ਦੀ ਵਿਸ਼ਵਾਸਮਈ ਗਵਾਹੀ ਭਰਦਾ ਹੈ। ਇਹ ਕਲਾ ਵੈਸੇ ਤਾਂ ਵਾਹਿਗੁਰੂ ਨੇ ਆਪ ਵਰਤਾਈ ਹੈ, ਪਰ ਫਿਰ ਵੀ ਜੇਕਰ ਇਸ ਦੇ ਲਈ ਕਿਸੇ ਇਕ ਵਿਅਕਤੀ ਨੂੰ ਮਾਣ ਬਖ਼ਸ਼ਣਾ ਹੋਵੇ ਤਾਂ ਇਸ ਦਾ ਅਸਲੀ ਹੱਕਦਾਰ ਭਾਈ ਬਲਵੰਤ ਸਿੰਘ ਰਾਜੋਆਣਾ ਹੀ ਬਣਦਾ ਹੈ। ਇਹ ਵੱਖਰੀ ਗੱਲ ਹੈ ਕਿ ਕੁੱਝ ਸੁਆਰਥਜੀਵੀ ਤੇ ਚਾਪਲੂਸ ਕਿਸਮ ਦੇ ਲੋਕ ਇਸ ਦਾ ਸਿਹਰਾ ਪਰਕਾਸ਼ ਸਿੰਘ ਬਾਦਲ ਦੇ ਸਿਰ 'ਤੇ ਸਜਾਉਣ ਦੀ ਅਸ਼ਲੀਲ ਕੋਸ਼ਿਸ਼ ਕਰ ਰਹੇ ਹਨ।