ਲੰਡਨ (5 ਜੂਨ, 2011): ਲੰਡਨ ਵਿਖੇ 1984 ਦੇ ਘੱਲੂਘਾਰੇ ਅਤੇ ਕੌਮੀ ਸ਼ਹੀਦਾਂ ਦੀ ਯਾਦ ਵਿੱਚ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਵੱਲੋਂ ਕਰਵਾਏ ਰੋਸ ਮੁਜ਼ਾਹਰੇ ਵਿੱਚ ਰਿਕਾਰਡਤੋੜ ਇਕੱਠ ਹੋਇਆ। ਬੀ ਬੀ ਸੀ ਦੀ ਰਿਪੋਰਟ ਅਨੁਸਾਰ ਇਹ ਇਕੱਠ 25000 ਦੇ ਕਰੀਬ ਸੀ। ਜਦ ਕਿ ਲੰਡਨ ਅਥਾਰਟੀ ਦਾ ਕਹਿਣਾ ਹੈ ਕਿ ਇਹ ਟ੍ਰੈਫਗਲਰ ਸੁਕੇਅਰ ਵਿੱਚ ਹੋਈਆਂ ਰੈਲੀਆਂ ਵਿੱਚੋਂ ਸਭ ਤੋਂ ਵੱਡੀ ਰੈਲੀ ਸੀ, ਜਿਸ ਵਿੱਚ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਬ੍ਰਮਿੰਘਮ, ਗ੍ਰੇਵਜ਼ੈਂਡ, ਲੈਸਟਰ, ਕਵੈਂਟਰੀ, ਸਾਊਥਹੈਂਪਟਨ, ਵੁਲਵਰਹੈਂਪਟਨ, ਸਾਊਥਾਲ, ਵਾਲਸਾਲ, ਮਾਨਚੈਸਟਰ, ਵੇਲਜ਼, ਸਕਾਟਲੈਂਡ, ਹੰਸਲੋ, ਹੇਜ਼, ਡਡਲੀ, ਲੀਡਜ਼, ਈਲਿੰਗ, ਬਾਰਕਿੰਗ, ਇਲਫੋਰਡ, ਡਾਰਟਫੋਰਡ ਸਮੇਤ ਹੋਰ ਕਈ ਸ਼ਹਿਰਾਂ ਤੋਂ ਬੱਸਾਂ, ਕਾਰਾਂ ਅਤੇ ਰੇਲ ਗੱਡੀਆਂ ਰਾਹੀਂ ਸੰਗਤਾਂ ਪਹੁੰਚੀਆਂ ਹੋਈਆਂ ਸਨ। ਇਸ ਰੋਸ ਮੁਜ਼ਾਹਰੇ ਵਿੱਚ ਸਿੱਖ ਫੈਡਰੇਸ਼ਨ ਯੂ ਕੇ, ਅਖੰਡ ਕੀਰਤਨੀ ਜੱਥਾ ਯੂ ਕੇ, ਯੁਨਾਇਟਡ ਖਾਲਸਾ ਦਲ ਯੂ ਕੇ, ਦਲ ਖਾਲਸਾ, ਖਾਲਿਸਤਾਨ ਜਲਾਵਤਨ ਸਰਕਾਰ, ਸਿੱਖ ਸਟੂਡੈਂਟ ਫੈਡਰੇਸ਼ਨ ਯੂ ਕੇ, ਬ੍ਰਿਟਿਸ਼ ਸਿੱਖ ਕੌਂਸਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਯੂ ਕੇ ਆਦਿ ਸਮੇਤ ਹੋਰ ਵੀ ਪੰਥਕ ਜੱਥੇਬੰਦੀਆਂ ਸ਼ਾਮਿਲ ਸਨ।