ਚੰਡੀਗੜ੍ਹ: ਡੇਰਾ ਸਿਰਸਾ ਦੇ ਵਿਵਾਦਤ ਮੁਖੀ ਦੇ ਪੰਚੂਕਲਾ ਅਦਾਲਤ ’ਚ ਚੱਲ ਰਹੇ ਕੇਸ ਦਾ ਅੱਜ (17 ਅਗਸਤ) ਨੂੰ ਫੈਸਲਾ ਆਉਣ ਦੀ ਉਮੀਦ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੂੰ ਖਦਸ਼ਾ ਹੈ ਕਿ ਜੇ ਡੇਰਾ ਮੁਖੀ ਖ਼ਿਲਾਫ਼ ਅਦਾਲਤੀ ਫੈਸਲਾ ਆਉਂਦਾ ਹੈ ਤਾਂ ਡੇਰੇ ਦੇ ਸਮਰਥਕ ਹੰਗਾਮਾ ਕਰ ਸਕਦੇ ਹਨ।

ਏ.ਡੀ.ਜੀ.ਪੀ (ਲਾਅ ਐਂਡ ਆਰਡਰ) ਹਰਦੀਪ ਸਿੰਘ ਢਿੱਲੋਂ ਨੇ ਮਾਲਵਾ ਖ਼ਿੱਤੇ ਦੇ ਹਰ ਜ਼ਿਲ੍ਹੇ ’ਚ ਪੁਲਿਸ ਅਫਸਰਾਂ ਨਾਲ ਮੀਟਿੰਗਾਂ ਕੀਤੀਆਂ ਹਨ ਤੇ ਡੇਰਾ ਸਿਰਸਾ ਦੇ ਮਾਮਲੇ ਨੂੰ ਸਭ ਤੋਂ ਵੱਧ ਤਰਜੀਹ ਦੇਣ ਲਈ ਆਖਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਬੀਤੇ ਦਿਨ ਅਫਸਰ ਇਹੋ ਰਣਨੀਤੀ ਘੜਦੇ ਰਹੇ ਹਨ। ਬਾਹਰੋਂ ਆਈ ਪੁਲਿਸ ਨਫ਼ਰੀ ਨੂੰ ਆਈ.ਜੀ (ਬਠਿੰਡਾ ਜ਼ੋਨ) ਨੇ ਵੱਖ-ਵੱਖ ਜ਼ਿਲ੍ਹਿਆਂ ਲਈ ਤਕਸੀਮ ਕੀਤਾ। ਪੁਲਿਸ ਨੇ ਉਨ੍ਹਾਂ ਖੇਤਰਾਂ ਦੀ ਸ਼ਨਾਖ਼ਤ ਵੀ ਕੀਤੀ ਹੈ ਜਿਥੇ ਸਾਲ 2007 ’ਚ ਡੇਰਾ ਪੈਰੋਕਾਰਾਂ ਦੇ ਪ੍ਰਦਰਸ਼ਨ ਹੋਏ ਸਨ। ਡੇਰਾ ਸਿਰਸਾ ਦੇ ਜ਼ਿਲ੍ਹੇ ਵਿਚਲੇ ਨਾਮ ਚਰਚਾ ਘਰਾਂ ’ਤੇ ਗਾਰਦ ਪਹਿਲਾਂ ਹੀ ਤਾਇਨਾਤ ਹੈ। ਐਸ.ਐਸ.ਪੀ ਮਾਨਸਾ ਨੇ ਡੇਰਾ ਪ੍ਰੇਮੀਆਂ ਦੀ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਡੇਰਾ ਸਿਰਸਾ ਦੇ ਪ੍ਰਬੰਧਕਾਂ ਨਾਲ ਫੋਨ ’ਤੇ ਗੱਲਬਾਤ ਕੀਤੀ। ਮਿਲੀ ਜਾਣਕਾਰੀ ਅਨੁਸਾਰ ਡੇਰਾ ਪ੍ਰੇਮੀ ਵੱਡੀ ਗਿਣਤੀ ’ਚ ਡੇਰਾ ਸਿਰਸਾ ਵੀ ਗਏ ਹਨ।
ਜ਼ਿਕਰਯੋਗ ਹੈ ਕਿ 2002 ‘ਚ ਡੇਰਾ ਸਿਰਸਾ ਦੇ ਮੁਖੀ ‘ਤੇ ਡੇਰੇ ਦੀਆਂ ਸਾਧਵੀਆਂ ਦੇ ਸਰੀਰਕ ਸੋਸ਼ਣ ਦਾ ਕੇਸ ਚੱਲ ਰਿਹਾ ਹੈ ਜਿਸਦਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਅੱਜ ਫੈਸਲਾ ਆਉਣ ਦੀ ਉਮੀਦ ਹੈ।