ਲੰਡਨ,(8 ਜਨਵਰੀ,2014): ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸ਼੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਤੋਂ ਬਾਅਦ ਬਰਤਾਨੀਆ ਸਰਕਾਰ ਅੰਦਰਖਾਤੇ ਭਾਰਤ ਸਰਕਾਰ ਦੇ ਪ੍ਰਭਾਵ ਹੇਠ ਹੈ, ਜਿਸ ਤੋਂ ਦਿਨੋ-ਦਿਨ ਪਰਦਾ ਉੱਠਦਾ ਜਾ ਰਿਹਾ ਹੈ।
ਸ਼੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜੀ ਹਮਲੇ ਦੌਰਾਨ ਭਾਰਤ ਸਰਕਾਰ ਨੂੰ ਸਲਾਹ-ਮਸ਼ਵਰਾ ਦੇਣ, ਲੰਡਨ ਵਿਚ ਰੋਸ ਮੁਜ਼ਾਹਰਿਆਂ ‘ਤੇ ਸਖ਼ਤ ਨਿਗਰਾਨੀ ਰੱਖਣ ਅਤੇ ਬੰਦ ਕਰਵਾਉਣ ਦੀ ਕੋਸ਼ਿਸ਼, ਨਵੰਬਰ 1984 ਦਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ‘ਤੇ ਪਾਬੰਦੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਬ੍ਰਮਿੰਘਮ ਵਿਖੇ ਹੋਣ ਵਾਲੇ ਹਾਕੀ ਟੂਰਨਾਮੈਂਟਾਂ ਨੂੰ ਰੋਕਣ ਲਈ ਵੀ ਭਾਰਤੀ ਹਾਈ ਕਮਿਸ਼ਨ ਲੰਡਨ ਵੱਲੋਂ ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਨੂੰ ਬੰਦ ਕਰਵਾਉਣ ਲਈ ਕਿਹਾ ਗਿਆ ਸੀ।
ਕਿਉਂਕਿ ਇਹ ਟੂਰਨਾਮੈਂਟ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਸਿੱਖਾਂ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਬਾਈ ਕੇਹਰ ਸਿੰਘ ਨੂੰ ਸਮਰਪਿਤ ਸੀ ਅਤੇ ਸਰਕਾਰੀ ਦਸਤਾਵੇਜ਼ਾਂ ਅਨੁਸਾਰ ਕੈਬਨਿਟ ਮੰਤਰੀਆਂ ਦੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ ਸੀ ਕਿ ਭਾਵੇਂ ਇਹ ਖੇਡਾਂ ਬੰਦ ਨਹੀਂ ਕਰਵਾਈਆਂ ਜਾ ਸਕਦੀਆਂ ਪਰ ਬੀ. ਬੀ. ਸੀ. ਸਮੇਤ ਹੋਰ ਟੈਲੀਵੀਜ਼ਨ ਅਤੇ ਰੇਡੀਓ ਸ਼ਟੇਸ਼ਨਾਂ ਨੂੰ ਕਿਹਾ ਜਾਵੇ ਕਿ ਉਹ ਸਿੱਖ ਏਸ਼ੀਅਨ ਖੇਡਾਂ ਨੂੰ ਬਹੁਤੀ ਅਹਿਮੀਅਤ ਨਾ ਦੇਣ ।
ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਜਾਰੀ ਹੋਣ ਵਾਲੇ ਸਿੱਖ ਚੋਣ ਮੈਨੀਫੈਸਟੋ ਵਿਚ ਵੀ ਇਸ ਕਾਂਢ ਦੀ ਮੁਕੰਮਲ ਜਾਂਚ ਦੀ ਮੰਗ ਕੀਤੀ ਗਈ ਹੈ ।
ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਵੱਲੋਂ ਕਰਵਾਈ ਜਾਂਚ ਨੂੰ ਸਿੱਖਾਂ ਨੇ ਮੁਢੋਂ ਹੀ ਰੱਦ ਕਰ ਦਿੱਤਾ ਸੀ। ਸ਼੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜੀ ਹਮਲੇ ਅਤੇ ਬਾਅਦ ਦੇ ਘਟਨਾਕ੍ਰਮ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ।