ਸ੍ਰੀ ਆਨੰਦਪੁਰ ਸਾਹਿਬ (4 ਮਾਰਚ, 2015): ਅੱਜ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦਾ ਜੋੜਮੇਲਾ ਪੂਰੇ ਖਾਲਸਾਈ ਜਾਹੋ ਜਲਾਲ ਦੇ ਨਾਲ ਸ਼ੁਰੂ ਹੋ ਗਿਆ। ਇਸ ਮੌਕੇ ਜਿੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਾਰੰਭ ਹੋ ਗਏ ਉੱਥੇ ਹੀ ਹਰ ਸਾਲ ਵਾਂਗ ਵਿਸ਼ਾਲ ਨਗਰ ਕੀਰਤਨ ਨਿਰਮਲ ਭੇਖ ਦੇ ਸੰਤਾਂ-ਮਹਾਂਪੁਰਸ਼ਾਂ ਵੱਲੋਂ ਸਜਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
![[ਫਾਈਲ ਫੋਟੋ]](https://www.sikhsiyasat.info/wp-content/uploads/Holla-Mohalla-Anandpur-Sahib-e1425486523971.jpg)
4 ਤੋਂ 6 ਮਾਰਚ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਚੱਲਣ ਵਾਲੇ ਹੋਲੇ ਮਹੱਲੇ ਦੇ ਪਹਿਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ ਹਜ਼ਾਰਾਂ ਹੀ ਸ਼ਰਧਾਲੂਆਂ ਨੇ ਸਵੇਰੇ ਤੜਕਸਾਰ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕੀਤੇ ਅਤੇ ਗੁਰਦੁਆਰਾ ਸਾਹਿਬਾਨ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ।
ਸਵੇਰੇ 10 ਵਜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਵੀ ਅਾਰੰਭ ਹੋ ਗਏ। ਇਸ ਮੌਕੇ ਹੋਲੇ ਮਹੱਲੇ ਦੀ ਅਾਰੰਭਤਾ ਦੀ ਅਰਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਕੀਤੀ। ਇਸ ਮੌਕੇ ਸਿੰਘ ਸਾਹਿਬ ਨੇ ਦੱਸਿਆ ਕਿ ਅੱਜ ਤੋਂ ਹੋਲਾ ਮਹੱਲਾ ਸ਼ੁਰੂ ਹੋਣ ਤੋਂ ਬਾਅਦ 6 ਮਾਰਚ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਵਿਸ਼ਾਲ ਨਗਰ ਕੀਰਤਨ ਤਖਤ ਸਾਹਿਬ ਤੋਂ ਸਜਾਇਆ ਜਾਵੇਗਾ।
ਇਸੇ ਦਿਨ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਖਾਲਸਾ ਪੰਥ ਦੀ ਚੜ੍ਹਦੀਕਲਾ ਦਾ ਪ੍ਰਤੀਕ ਮਹੱਲਾ ਕੱਢਣਗੀਆਂ ਅਤੇ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣੇ ਜੰਗਜੂ ਕਰਤੱਵਾਂ ਦੇ ਨਾਲ ਨਿਹਾਲ ਕਰਨਗੀਆਂ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਅਤੇ ਮੈਂਬਰ ਸ਼ਮੋਣੀ ਕਮੇਟੀ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਦੇਸ਼ ਵਿਦੇਸ਼ ਤੋਂ ਪਹੰਚਣ ਵਾਲੀ ਸੰਗਤ ਲਈ ਰਿਹਾਇਸ਼, ਗੱਠੜੀ ਘਰ ਅਤੇ ਜੋੜਾ ਘਰਾਂ ਸਮੇਤ 24 ਘੰਟੇ ਗੁਰੂ ਕੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 400 ਤੋਂ ਵੱਧ ਸਭਾ ਸੁਸਾਇਟੀਆਂ ਵੱਲੋਂ ਵੱਖ ਵੱਖ ਥਾਵਾਂ ਤੇ ਲੰਗਰ ਲਗਾਏ ਗਏ ਹਨ।
ਜਥੇ: ਗਿਆਨੀ ਮੱਲ ਸਿੰਘ ਨੇ ਦੱਸਿਆ ਕਿ ਸਮਾਗਮਾਂ ਦੌਰਾਨ ਅਖੰਡ ਕੀਰਤਨੀ ਜਥਾ ਕੀਰਤਨ ਕਰੇਗਾ, ਬਸੰਤ ਕੀਰਤਨ ਸਮਾਗਮ ਹੋਵੇਗਾ, ਨਿਹੰਗ ਸਿੰਘਾਂ ਦੀ ਛਾਉਣੀ ਗੁਰੂ ਕਾ ਬਾਗ ਵਿਖੇ ਬੱਢਾ ਦਲ ਦੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਜਥੇਦਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਦੋ ਦਿਨ ਗੱਤਕੇ ਦੇ ਮੁਕਾਬਲੇ ਕਰਵਾਏ ਜਾਣਗੇ ਜੋ 5 ਮਾਰਚ ਤੱਕ ਚੱਲਣਗੇ ਙ 5 ਮਾਰਚ ਨੂੰ ਸਵੇਰੇ 11 ਵਜੇ ਢਾਡੀ ਸਮਾਗਮ ਹੋਵੇਗਾ ਇਸੇ ਦਿਨ ਰਾਤ 9 ਵਜੇ ਕਵੀ ਸਮਾਗਮ ਹੋਵੇਗਾ ਙ
ਉਨ੍ਹਾਂ ਹੋਰ ਦੱਸਿਆ ਕਿ ਸੰਗਤਾਂ ਨੂੰ ਗੁਰੂ ਬਾਟੇ ਦਾ ਅੰਮਿ੍ਤ ਛਕਾਇਆ ਜਾ ਰਿਹਾ ਹੈ ਜੋ 6 ਮਾਰਚ ਤੱਕ ਰੋਜ਼ਾਨਾ ਸੰਗਤਾਂ ਨੂੰ ਨਿਸ਼ਚਿਤ ਸਮੇਂ ‘ਤੇ ਛਕਾਇਆ ਜਾ ਰਿਹਾ ਹੈ ਙ 6 ਮਾਰਚ ਨੂੰ ਮਹੱਲੇ ਵਾਲੇ ਦਿਨ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਨਗਰ ਕੀਰਤਨ ਸਜਾਇਆ ਜਾਵੇਗਾ ਙ