ਜਲੰਧਰ (16 ਜਨਵਰੀ, 2015): ਸੌਦਾ ਸਾਧ ਦੀ ਵਿਵਾਦਤ ਫਿਲਮ ‘ਮੈਸੇਂਜਰ ਆਫ਼ ਗੌਡ’ ਨੂੰ ਪੰਜਾਬ ਦੇ ਮਲਟੀਪਲੈਕਸ ਅਤੇ ਸਿਨੇਮਾ ਮਾਲਕਾਂ ਨੇ ਆਪਣੇ ਸਿਨੇਮਾ ਘਰਾਂ ਵਿੱਚ ਨਾ ਲਾਉਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਸਿਨੇਮਾ ਮਾਲਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਕੀਮਤੀ ਸਿਨੇਮਾ ਘਰਾਂ ਦੀ ਤੋੜ-ਭੰਨ ਨਹੀਂ ਦੇਖ ਸਕਦੇ।

ਮਲਟੀਪਲੈਕਸ ਦੇ ਮੈਨੇਜਰ ਆਰ.ਵੀ. ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਜਥੇਬੰਦੀ ਵੱਲੋਂ ਫਿਲਮ ਨਾਲ ਦਿਖਾਉਣ ਬਾਰੇ ਕਿਹਾ ਗਿਆ ਹੈ ਅਤੇ ਜਥੇਬੰਦੀਆਂ ਨੇ ਵਟਸਐਪ ’ਤੇ ਵੀ ਉਨ੍ਹਾਂ ਨੂੰ ਇਸ ਦਾ ਖਾਮਿਆਜ਼ਾ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਹਨ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਹੋਰ ਵੀ ਮਲਟੀਪਲੈਕਸਾਂ ਨੇ ਸਮੂਹਿਕ ਤੌਰ ’ਤੇ ਇਹ ਫ਼ੈਸਲਾ ਕੀਤਾ ਹੈ ਕਿ ਕੋਈ ਵੀ ਸਿਨੇਮਾ ਘਰ ਇਸ ਫ਼ਿਲਮ ਨੂੰ ਨਹੀਂ ਚਲਾਏਗਾ। ਉਨ੍ਹਾਂ ਦੱਸਿਆ ਕਿ ਫ਼ਿਲਮ ਨਾ ਲਾਉਣ ਬਾਰੇ ਉਨ੍ਹਾਂ ਨੇ ਨਾਰਦਨ ਇੰਡੀਆ ਮੂਵੀ ਪਿਕਚਰ ਐਸੋਸੀਏਸ਼ਨ ਨੂੰ ਵੀ ਜਾਣੂ ਕਰਵਾ ਦਿੱਤਾ ਹੈ।
ਪੀਵੀਆਰ ਸਿਨੇਮਾ ਦੇ ਮੈਨੇਜਰ ਉਂਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਗੁੜਗਾਉਂ ਵਿਚਲੇ ਹੈੱਡ ਆਫ਼ਿਸ ਨੂੰ ਸੂਚਿਤ ਕਰ ਦਿੱਤਾ ਹੈ ਕਿ ਉਹ ਇਹ ਫ਼ਿਲਮ ਨਾ ਚਲਾਉਣ।