
ਨਿਊਯਾਰਕ (4 ਸਤੰਬਰ , 2015): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖ-ਵੱਖ ਭਾਰਤ ਦੇ ਚੋਟੀ ਦੇ ਸਿਆਸਤਦਾਨਾਂ ਨੂੰ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਮਾਮਲੇ ਵਿੱਚ ਕਾਨੂੰਨੀ ਘੇਰਾਬੰਦੀ ਕਰਨ ਵਾਲੀ ਮਨੁੱਖੀ ਅਧਿਕਾਰਾਂ ‘ਤੇ ਕੰਮ ਕਰਨ ਵਾਲੀ ਜੱਥੇਬੰਦੀ “ਸਿੱਖਸ ਫਾਰ ਜਸਟਿਸ” ਨੇ ਅਮਰੀਕਾ ਦੇ ਵਿਦੇਸ਼ ਵਿਭਾਗ ਵਿਰੁੱਧ ਪਟੀਸ਼ਨ ਪਾਈ ਹੈ ਜਿਸ ਵਿਚ ਬੇਨਤੀ ਕੀਤੀ ਗਈ ਹੈ ਕਿ ਉਬਾਮਾ ਪ੍ਰਸ਼ਾਸਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਵੀਜ਼ਾ ਪਾਬੰਦੀ ਹਟਾਉਣ ਸਬੰਧੀ ਨਿਰਨੇ ਨਾਲ ਸਬੰਧਤ ਦਸਤਾਵੇਜ਼ ਜਾਰੀ ਕੀਤੇ ਜਾਣ ਜਿਸ ਤੋਂ ਬਾਅਦ ਪਿਛਲੇ ਸਾਲ ਮੋਦੀ ਦਾ ਅਮਰੀਕਾ ਦੌਰਾ ਸੰਭਵ ਹੋਇਆ ਸੀ ।
ਸਿੱਖਸ ਫਾਰ ਜਸਟਿਸ ਨੇ ਪਾਈ ਪਟੀਸ਼ਨ ਵਿਚ ਜਾਣਕਾਰੀ ਦੇ ਅਧਿਕਾਰ ਸਬੰਧੀ ਕਾਨੂੰਨ ਤਹਿਤ ਕੀਤੀ ਬੇਨਤੀ ‘ਤੇ ਦਸਤਾਵੇਜ਼ ਨਾ ਪੇਸ਼ ਕਰਨ ‘ਚ ਵਿਦੇਸ਼ ਵਿਭਾਗ ਦੀ ਅਸਫਲਤਾ ਨੂੰ ਚੁਣੌਤੀ ਦਿੱਤੀ ਹੈ । ਸਿਖਸ ਫਾਰ ਜਸਟਿਸ ਜੂਨ 2013 ਤੋਂ ਵੀਜ਼ੇ ਤੇ ਮੋਦੀ ਦੇ ਅਮਰੀਕਾ ਵਿਚ ਦਾਖਲੇ ਸਬੰਧੀ ਰਿਕਾਰਡ ਮੰਗ ਰਿਹਾ ਹੈ । ਪਟੀਸ਼ਨ ਦਾ ਜਵਾਬ ਦੇਣ ਲਈ ਵਿਦੇਸ਼ ਵਿਭਾਗ ਕੋਲ ਅਗਲੇ 60 ਦਿਨਾਂ ਦਾ ਸਮਾਂ ਹੈ ।
ਇਹ ਖਬਰ ਅੰਗਰੇਜ਼ੀ ਵਿਚ ਪੜ੍ਹਨ ਲਈ ਵੇਖੋ ~
Sikhs For Justice seeks info on visa to Narendra Modi for US visit
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਖ ਫਾਰ ਜਸਟਿਸ ਮਨੁੱਖੀ ਅਧਿਕਾਰਾਂ ਦੇ ਘਾਣ ਲਈ ਜ਼ਿਮੇਵਾਰ ਭਾਰਤੀ ਸਿਆਸਤਦਾਨਾਂ ਅਤੇ ਭਾਰਤ ਦੇ ਮੱਖ ਅਹੁਦਿਆਂ ‘ਤੇ ਬਰਾਜ਼ਮਾਨ ਵਿਅਕਤੀਆਂ ਖਿਲਾਫ ਸ਼ਿਕਾਇਤਾਂ ਦਰਜ਼ ਕਰਵਾ ਚੁੱਕਿਆਂ ਹੈ। ਜਿੰਨਾਂ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਨਾਂਅ ਸ਼ਾਮਲ ਹਨ।