ਨਵੀਂ ਦਿੱਲੀ: ਦਿੱਲੀ ਵਿੱਚ ਪ੍ਰਸ਼ਾਸ਼ਨ ਵੱਲੋਂ ਸ਼ਹੀਦ ਭਾਈ ਮਤੀਦਾਸ ਛਬੀਲ ਢਾਹੇ ਜਾਣ ਦੇ ਵਿਰੁੱਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿੱਖੇ ਸਿੱਖ ਕੌਮ ਦੀ ਇੱਕਜੁਟਤਾ ਅਤੇ ਚੜ੍ਹਦੀਕਲਾ ਲਈ ਰੱਖੇ ਗਏ ਵਿਸ਼ੇਸ਼ ਅਰਦਾਸ ਸਮਾਗਮ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੌਮੀ ਹਿਤਾਂ ਨੂੰ ਸਿਆਸ਼ੀ ਹਿਤਾਂ ਤੋਂ ਜਰੂਰੀ ਦੱਸਦੇ ਹੋਏ ਸਰਕਾਰਾਂ ਨੂੰ ਸਿੱਖ ਕੌਮ ਨਾਲ ਵਿਤਕਰਾ ਕਰਨ ਦੀ ਆਪਣੀ ਮਾਨਸਿਕਤਾ ਬਦਲਣ ਜਾਂ ਸਿੱਖਾਂ ਦੇ ਰੋਹ ਦੀ ਲੰਬੀ ਲੜਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਕਿਹਾ।
ਜੀ.ਕੇ. ਨੇ ਸਰਕਾਰਾਂ ਨੂੰ ਇਨ੍ਹਾਂ ਹਾਲਾਤਾਂ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਸਾਕਾ ਨੀਲਾ ਤਾਰਾ ਨਾਂ ਦੇ ਫੌਜੀ ਹਮਲੇ ਤੋਂ ਬਾਅਦ ਸਿੱਖ ਫੌਜੀਆਂ ਵੱਲੋਂ ਬਗਾਵਤ ਵੱਜੋਂ ਬੈਰਕਾਂ ਛੱਡਣ ਦੀ ਕੀਤੀ ਗਈ ਕਾਰਵਾਹੀ ਦਾ ਵੀ ਚੇਤਾ ਕਰਵਾਇਆ। ਜੀ.ਕੇ. ਨੇ ਸਾਫ ਕਿਹਾ ਕਿ ਸਿੱਖ ਹਰ ਗੱਲ ਬਰਦਾਸ਼ਤ ਕਰ ਸਕਦਾ ਹੈ ਪਰ ਆਪਣੇ ਗੁਰੂ ਧਾਮਾਂ ਤੇ ਸਰਕਾਰੀ ਹਮਲਾ ਕਿਸੇ ਸੂਰਤ ਵਿਚ ਬਰਦਾਸ਼ਤ ਨਹੀਂ ਕਰੇਗਾ।

ਪ੍ਰਸ਼ਾਸਨ ਨੂੰ ਕਰੜੇ ਸ਼ਬਦਾਂ ਵਿਚ ਤਾੜਨਾ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਥਾਨ ਨੂੰ ਕੋਈ ਨੁਕਸਾਨ ਹੋਇਆ ਤਾਂ ਉਸ ਦੇ ਸਿੱਟੇ ਵੱਜੌਂ ਪੈਦਾ ਹੋਈ ਲੜਾਈ ਸਰਕਾਰਾਂ ਤੋਂ ਨਹੀਂ ਸੰਭਲੇਗੀ। ਕੌਮ ਦੇ ਹਿਤਾ ਲਈ ਕੋਈ ਵੀ ਕਾਨੂੰਨੀ ਕਾਰਵਾਈ ਆਪਣੇ ਪਿੰਡੇ ਤੇ ਹਢਾਉਣ ਦੀ ਵੀ ਜੀ.ਕੇ. ਨੇ ਵੱਚਨਬੱਧਤਾ ਦੋਹਰਾਈ।
ਸਿਰਸਾ ਨੇ ਸਿੱਖਾਂ ਨੂੰ ਇੱਕਮੁੱਠ ਤੇ ਇੱਕਜੁਟ ਹੋਣ ਦਾ ਸੱਦਾ ਦਿੰਦੇ ਹੋਏ ਸਰਕਾਰਾਂ ਨੂੰ ਆਪਣੀਆਂ ਕੋਝੀ ਚਾਲਾਂ ਗੁਰੂ ਦਰਬਾਰਾਂ ਵਿਚ ਨਾ ਚਲਾਉਣ ਦੀ ਵੀ ਅਪੀਲ ਕੀਤੀ। ਸਿਰਸਾ ਨੇ ਕਿਹਾ ਕਿ ਕਿਸੇ ਵੀ ਕੀਮਤ ਤੇ ਗੁਰੂ ਧਾਮਾਂ ’ਤੇ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਨੂੰ ਦਿੱਲੀ ਦੀ ਸੰਗਤਾਂ ਬਰਦਾਸ਼ਤ ਨਹੀਂ ਕਰਨਗੀਆਂ।
ਬਾਬਾ ਸੁਖਦੇਵ ਸਿੰਘ ਨੇ ਟਕਸਾਲ ਵੱਲੋਂ ਦਿੱਲੀ ਕਮੇਟੀ ਦੀ ਪੂਰਣ ਹਿਮਾਇਤ ਦਾ ਭਰੋਸਾ ਦਿੰਦੇ ਹੋਏ ਵਿਕਾਸ ਦੇ ਨਾਂ ਤੇ ਗੁਰੂਧਾਮਾਂ ਨੂੰ ਮਾੜ੍ਹੀ ਨਿਗਾਹ ਨਾਲ ਨਾ ਤੱਕਣ ਦੀ ਸਰਕਾਰਾਂ ਨੂੰ ਚੇਤਾਵਨੀ ਦਿੱਤੀ। ਬਾਬਾ ਮੇਜਰ ਸਿੰਘ ਨੇ ਨਿਹੰਗ ਸਿੰਘਾਂ ਵੱਲੋਂ ਆਪਣੇ ਗੁਰੂਧਾਮਾਂ ਦੀ ਰੱਖਿਆ ਲਈ ਸ਼ਹੀਦੀਆਂ ਦੇਣ ਤੋਂ ਵੀ ਨਾ ਪਿੱਛੇ ਹਟਣ ਦਾ ਭਰੋਸਾ ਸੰਗਤਾ ਨੂੰ ਦਿੱਤਾ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਆਪਣੇ ਗੁਰੂਧਾਮਾਂ ਦੀ ਰੱਖਿਆ ਸਬੰਧੀ ਕਈ ਮੱਤਿਆਂ ਤੇ ਸੰਗਤਾਂ ਪਾਸੋਂ ਦੋਨੋਂ ਹੱਥਾਂ ਖੜੇ ਕਰਵਾ ਕੇ ਪ੍ਰਵਾਨਗੀ ਲਈ।
ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ ਅਤੇ ਕੁਲਵੰਤ ਸਿੰਘ ਬਾਠ ਨੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਅਤੇ ਸਮੂਹ ਮੈਂਬਰ ਸਾਹਿਬਾਨ ਮੌਜੂਦ ਸਨ।