ਲੰਡਨ (18 ਅਪ੍ਰੈਲ, 2015): ਬਰਤਾਨੀਆਂ ਵਿੱ ਖਾਲਸਾ ਸਿਰਜਨਾ ਦਿਹਾੜਾ ਬੜੀ ਸ਼ਰਧਾ ‘ਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਇਸ ਸਬੰਧੀ ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵੱਲੋਂ ਸਜਾਏ ਗਏ ਨਗਰ ਕੀਰਤਨ ਮੌਕੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਤੇ ਉਨ੍ਹਾਂ ਦੀ ਧਰਮ ਪਤਨੀ ਸਮਾਨਥਾ ਕੈਮਰੂਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

ਨਗਰ ਕੀਰਤਨ ਦੀ ਸਮਾਪਤੀ ਮਗਰੋਂ ਉਨ੍ਹਾਂ ਗੁਰੂ ਘਰ ਵਿਖੇ ਮੱਥਾ ਟੇਕਿਆ ਅਤੇ ਬਾਅਦ ਵਿਚ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਿੱਖਾਂ ਨੂੰ ਦਸਤਾਰ ਪਹਿਨਣ ਤੋਂ ਕੋਈ ਵੀ ਕਿਸੇ ਵੀ ਕੰਮ ਵਾਲੀ ਥਾਂ ‘ਤੇ ਰੋਕ ਨਹੀਂ ਸਕਦਾ।
ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਣ ਵਾਲੇ ਜੇ ਉਹ ਪਹਿਲੇ ਪ੍ਰਧਾਨ ਮੰਤਰੀ ਹਨ ਤਾਂ ਉੱਥੇ ਹੀ 10 ਡਾਊਨਿੰਗ ਸਟਰੀਟ (ਪ੍ਰਧਾਨ ਮੰਤਰੀ ਦਫ਼ਤਰ) ਵਿਚ ਵਿਸਾਖੀ ਮਨਾਉਣ ਦੀ ਸ਼ੁਰੂਆਤ ਕਰਨ ਵਾਲੇ ਵੀ ਪਹਿਲੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਕਿਹਾ ਕਿ ਹੁਣ ਇੱਥੇ ਚਿੱਟਾ ਅਤੇ ਕਾਲਾ ਨਹੀਂ ਬਲਕਿ ਕੇਸਰੀ ਰੰਗ ਵੀ ਸ਼ਾਮਿਲ ਹੈ। ਉਨ੍ਹਾਂ ਦਾ ਇਸ਼ਾਰਾ ਸਿੱਖਾਂ ਦੀ ਪਛਾਣ ਨੂੰ ਦਰਸਾਉਣ ਵਾਲੇ ਕੇਸਰੀ ਰੰਗ ਵੱਲ ਸੀ। ਉਨ੍ਹਾਂ ਸਿੱਖ ਭਾਈਚਾਰੇ ਵੱਲੋਂ ਬਰਤਾਨੀਆ ਵਿਚ ਪਾਏ ਯੋਗਦਾਨ ਦੀ ਵੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਗੁਰੂ ਘਰ ਵੱਲੋਂ ਸੁਰਜੀਤ ਕੌਰ ਬੈਂਸ, ਸਮੀਰ ਜੱਸਲ ਉਮੀਦਵਾਰ ਈਸਟ ਹੋਮ, ਭਾਰਤੀ ਮਾਮਲਿਆਂ ਬਾਰੇ ਪ੍ਰਧਾਨ ਮੰਤਰੀ ਦੀ ਚੈਂਪੀਅਨ ਪ੍ਰੀਤੀ ਪਟੇਲ ਨੇ ਵੀ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੂੰ ਜੀ ਆਇਆਂ ਕਿਹਾ। ਗੁਰੂ ਘਰ ਦੇ ਪ੍ਰਧਾਨ ਦਵਿੰਦਰ ਸਿੰਘ ਸ਼ਿੰਦੀ ਏ-ਵਨ ਨੇ ਕੈਮਰੂਨ ਨੂੰ ਸਿਰੋਪਾਓ ਅਤੇ ਸ੍ਰੀ ਦਰਬਾਰ ਸਾਹਿਬ ਅਤੇ ਸਿੱਖ ਧਰਮ ਸਬੰਧੀ ਕਿਤਾਬ ਭੇਟ ਕੀਤੀ। ਬੀਬੀ ਸੁਰਜੀਤ ਕੌਰ ਨੇ ਸਮਾਨਥਾ ਕੈਮਰੂਨ ਨੂੰ ਸਿਰੋਪਾਓ ਭੇਟ ਕੀਤਾ।
ਇਸ ਮੌਕੇ ਗੁਰੂ ਘਰ ਦੇ ਜਨਰਲ ਸਕੱਤਰ ਪ੍ਰਮਿੰਦਰ ਸਿੰਘ ਮੰਡ, ਸੀਨੀਅਰ ਮੀਤ ਪ੍ਰਧਾਨ ਸਵਰਨ ਸਿੰਘ, ਤਰਸੇਮ ਸਿੰਘ ਮਾਹਲ ਤੇ ਐਡਮ ਹੈਲੋਵੇ ਉਮੀਦਵਾਰ ਗ੍ਰੇਵਜ਼ੈਂਡ ਸਮੇਤ ਵੱਡੀ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਆਗੂ ਹਾਜ਼ਰ ਸਨ।