ਵਾਸ਼ਿੰਗਟਨ,ਅਮਰੀਕਾ (1 ਅਕਤੂਬਰ 2014): ਭਾਰਤੀ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨਾਲ ਵਾਈਟ ਹਾਊਸ ਵਿੱਚ ਮੀਟਿੰਗ ਦੌਰਾਨ ਸਿਖਸ ਫਾਰ ਜਸਟਿਸ ਵਲੋਂ ਵਾਈਟ ਹਾਊਸ ਦੇ ਸਾਹਮਣੇ ਪਾਰਕ ਵਿੱਚ ਬੁਲਾਈ ਗਈ ਲੋਕ ਅਦਾਲਤ ਵੱਲੋਂ ਸੰਨ 2002 ਵਿਚ ਮੁਸਲਮਾਨਾਂ ‘ਤੇ ਨਸਲਕੁਸ਼ੀ ਹਮਲਿਆਂ ਵਿਚ ਮੋਦੀ ਦੀ ਭੁਮਿਕਾ ਲਈ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ।

ਡਾ. ਮਾਰਟਿਨ ਲੁਥਰ ਕਿੰਗ ਜੁਨੀਅਰ ਦੇ ਉਸ ਬਿਆਨ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ‘ਕਿਤੇ ਵੀ ਹੋਈ ਨਾਇਨਸਾਫੀ ਹਰ ਥਾਂ ਇਨਸਾਫ ਲਈ ਖਤਰਾ ਹੁੰਦੀ ਹੈ’ ਦਾ ਹਵਾਲਾ ਦਿੰਦਿਆਂ ਐਸ ਐਫ ਜੇ ਦੇ ਡਾਇਰੈਕਟਰ ਲਿਟੀਗੇਸ਼ਨ ਸਲਮਾਨ ਯੂਨਸ ਜਿਨ੍ਹਾਂ ਨੇ ਲੋਕ ਅਦਾਲਤ ਵਿਚ ਅਦਾਲਤੀ ਕਾਰਵਾਈ ਚਲਾਈ ਸੀ, ਨੇ ਜਿਊਰੀ ਨੂੰ ਬੇਨਤੀ ਕੀਤੀ ਕਿ ਭਾਰਤ ਵਿਚ ਘੱਟ ਗਿਣਤੀਆਂ ਦੇ ਖਾਤਮੇ ਦੇ ਦੋਸ਼ਾਂ ਤਹਿਤ ਮੋਦੀ ਨੂੰ ਦੋਸ਼ੀ ਕਰਾਰ ਦੇਕੇ ‘ਸਾਰਿਆਂ ਲਈ ਇਨਸਾਫ’ ਦੀਆਂ ਅਮਰੀਕਨ ਕਦਰਾਂ ਕੀਮਤਾਂ ਨੂੰ ਬਰਕਰਾਰ ਰਖਿਆ ਜਾਵੇ।
ਜਿਊਰੀ ਨੂੰ ਅਪੀਲ ਕਰਦਿਆਂ ਯੂਨਸ ਨੇ ਕਿਹਾ ਕਿ ਅੱਜ ਤੁਸੀ ਬੇਜ਼ੁਬਾਨਾਂ ਦੀ ਅਵਾਜ਼ ਹੋ। ਵੱਖ ਵੱਖ ਧਰਮਾਂ ਦੀ ਸ਼ਮੂਲੀਅਤ ਵਾਲੀ 23 ਮੈਂਬਰੀ ਜਿਊਰੀ ਨੇ ਸਰਬਸੰਮਤੀ ਨਾਲ ਫੈਸਲਾ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੂੰ ਨਸਲਕ੍ਰੁਸ਼ੀ, ਪਹਿਲੇ ਦਰਜੇ ਦੇ ਕਤਲ, ਬਲਾਤਕਾਰ ਤੇ ਜਿਸਮਾਨੀ ਸ਼ੋਸ਼ਣ, ਤਸ਼ੱਦਦ, ਸਬੂਤਾਂ ਨਾਲ ਛੇੜਛਾੜ, ਗਵਾਹਾਂ ਪੀੜਤਾਂ ਤੇ ਸੂਹੀਆ ਨੂੰ ਧਮਕਾਉਣਾ ਅਤੇ ਅਪਰਾਧਕ ਜਾਂਚ ਵਿਚ ਅੜਿਕੇ ਡਾਹੁਣ ਲਈ ਦੋਸ਼ੀ ਕਰਾਰ ਦਿੱਤਾ ਹੈ।
ਸਿਖਸ ਫਾਰ ਜਸਟਿਸ (ਐਸ ਐਫ ਜੇ) ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਨੇ ਕਿਹਾ ਕਿ ਉਬਾਮਾ ਨੂੰ ਹਿੰਦੂਆਂ ਦੀ ਪਵਿੱਤਰ ਗੀਤਾ ਭੇਟ ਕਰਨਾ ਪ੍ਰਧਾਨ ਮੰਤਰੀ ਮੋਦੀ ਦੀ ਹਿੰਦੂ ਧਰਮ ਪ੍ਰਤੀ ਕੱਟੜਤਾ ਤੇ ਹਿੰਦੂ ਧਰਮ ਨੂੰ ਸਰਬ ਉਚ ਮੰਨਣ ਅਤੇ ਭਾਜਪਾ ਤੇ ਆਰ ਐਸ ਐਸ ਦੀ ਹਿੰਦੂ ਦੇਸ਼ ਬਣਾਉਣ ਦੀ ਯੋਜਨਾ ਸਾਫ ਵਿਖਾਈ ਦਿੰਦੀ ਹੈ।

ਅਟਾਰਨੀ ਪੰਨੂ ਨੇ ਕਿਹਾ ਕਿ ਗੁਜਰਾਤ ਵਿਚ ਮੁਸਲਮਾਨਾਂ ‘ਤੇ ਵਹਿਸ਼ੀਆਨਾ ਹਮਲੇ ਕਰਵਾਉਣ ਵਾਲੇ ਮੋਦੀ ਦੇ ਹੱਥ ਗੀਤਾ ਸ਼ੋਭਦੀ ਨਹੀਂ ਜੋ ਕਿ ਸ਼ਾਂਤੀ ਤੇ ਬਰਾਬਰਤਾ ਦਾ ਪ੍ਰਚਾਰ ਕਰਦੀ ਹੈ। ਸਿਖ ਰਾਏਸ਼ੁਮਾਰੀ ਲਈ ਕੇਸ ਨੂੰ ਪੇਸ਼ ਕਰਦਿਆਂ ਮਨੁੱਖੀ ਅਧਿਕਾਰਾਂ ਬਾਰੇ ਵਕੀਲ ਪੰਨੂ ਨੇ ਕਿਹਾ ਕਿ ਕਿਉਂਕਿ ਭਾਰਤੀ ਸੰਵਿਧਾਨ ਸਿੱਖ ਧਰਮ ਨੂੰ ਵੱਖਰਾ ਧਰਮ ਨਹੀਂ ਮੰਨਦਾ ਇਸ ਲਈ ਸੰਨ 2020 ਵਿਚ ਸਮੁੱਚਾ ਸਿਖ ਭਾਈਚਾਰਾ ਐਸ ਐਫ ਜੇ ਵਲੋਂ ਕਰਵਾਈ ਜਾ ਰਹੀ ਰਾਇਸ਼ੁਮਾਰੀ ਵਿਚ ਸਿੱਖਾਂ ਦੇ ਖੁਦਮੁਖਤਿਆਰੀ ਦੇ ਅਧਿਕਾਰ ਦੇ ਸਵਾਲ ‘ਤੇ ਵੋਟ ਪਾਏਗਾ।
ਐਸ ਐਫ ਜੇ ਦੇ ਡਾਇਰੈਕਟਰ ਅਮਰਦੀਪ ਸਿੰਘ ਪੁਰੇਵਾਲ ਅਨੁਸਾਰ ਉਤਰੀ ਅਮਰੀਕਾ ਦੇ ਸਮੁੱਚੇ ਸਿਖ ਮੋਦੀ ਨੂੰ 2002 ਦੇਨਸਲਕੁਸ਼ੀ ਅਪਰਾਧ ਲਈ ਦੋਸ਼ੀ ਠਹਿਰਾਉਣ ਲਈ ਵਾਈਟ ਹਾਊਸ ਵਿਖੇ ਇਕੱਠੇ ਹੋਏ ਸਨ ਕਿਉਂਕਿ ਸਿੱਖ ਖੁਦ 1984 ਵਿਚ ਨਸਲਕੁਸ਼ੀ ਦਾ ਸ਼ਿਕਾਰ ਹੋਏ ਹਨ।
2002 ਅਤੇ ਨਵੰਬਰ 1984 ਦੇ ਨਸਲਕੁਸ਼ੀਆਂ ਵਿਚ ਕਾਫੀ ਸਮਾਨਤਾਵਾਂ ਸਨ ਕਿਉਂਕਿ ਜਿਵੇਂ ਸਿਖ ਨਸਲਕੁਸ਼ੀ ਕਰਵਾਉਣ ਤੋਂ ਬਾਅਦ ਰਾਜੀਵ ਗਾਂਧੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ ਉਸੇ ਤਰਾਂ ਮੋਦੀ ਪਹਿਲਾ ਗੁਜਰਾਤ ਦੇ ਮੁੜ ਮੁੱਖ ਮੰਤਰੀ ਬਣੇ ਤੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ। ਇਸ ਰੋਸ ਪ੍ਰਦਰਸ਼ਨ ਦਾ ਆਯੋਜਨ ਐਸ ਐਫ ਜੇ ਵਲੋਂ ਸਮੁੱਚੇ ਅਮਰੀਕਾ ਦੇ 70 ਤੋਂ ਵੱਧ ਗੁਰਦੁਆਰਿਆਂ ਦੀ ਸੰਗਠਿਤ ਜਥੇਬੰਦੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ।
ਵਾਸ਼ਿੰਗਟਨ ਵਿਚ ਉਬਾਮਾ ਮੋਦੀ ਦੇ ਸੰਮੇਲਨ ਦੌਰਾਨ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਅਤੇ ਮੋਦੀ ਦੇ ਸਮਰਥਕਾਂ ਵਿਚਕਾਰ ਗਰਮਾ ਗਰਮ ਜ਼ੁਬਾਨੀ ਝੜਪਾਂ ਹੋਈਆਂ ਜਿਸ ਨੂੰ ਪੂਰੇ ਵਾਸ਼ਿੰਗਟਨ ਨੇ ਵੇਖਿਆ ਜਿਸ ਦੇ ਨਤੀਜੇ ਵਜੋਂ ਕੁਝ ਪ੍ਰਦਰਸ਼ਨਕਾਰੀਆਂ ਨੂੰ ਲਾਫਾਯੇਟੀ ਪਾਰਕ ਵਿਚੋਂ ਹਟਾਉਣਾ ਪਿਆ।
ਅਮਰੀਕੀ ਪਾਰਕ ਪੁਲਿਸ ਨੂੰ ਕਈ ਵਾਰ ਦਖਲ ਦੇਣਾ ਪਿਆ ਜਦੋਂ ਮੋਦੀ ਦੇ,ਸਮਰਥਕਾਂ ਜਿਹੜੇ ਕਿ ਗਰਬਾ ਦੀਆਂ ਧੁਨਾਂ ‘ਤੇ ਨੱਚ ਰਹੇ ਸਨ ਅਤੇ ਸਿੱਖਾਂ ਜੋ ਕਿ 2002 ਦੀ ਨਸਲਕੁਸ਼ੀ ਦੇ ਦੋਸ਼ਾਂ ਤਹਿਤ ਮੋਦੀ ਖਿਲਾਫ ਚਲ ਰਹੀ ਦੋਸ਼ੀ ਕਰਾਰ ਦੇਣ ਦੀ ਕਾਰਵਾਈ ਚਲਾ ਰਹੇ ਸਨ, ਵਿਚਕਾਰ ਗਰਮਾ ਗਰਮ ਬਹਿਸ ਹੋ ਗਈ। ਅਮਰੀਕਾ ਦੀ ਪਾਰਕ ਪੁਲਿਸ ਨੂੰ ਹੋਰ ਫੋਰਸ ਮੰਗਵਾਉਣੀ ਪਈ ਤਾਂ ਜੋ ਪਾਰਕ ਵਿਚ ਸ਼ਾਂਤੀ ਬਹਾਲ ਰੱਖੀ ਜਾਵੇ ਜਿਥੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਨੂੰ ਨਾਲੋ ਨਾਲ ਰੈਲੀਆਂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
ਉਤਰੀ ਅਮਰੀਕਾ ਤੋਂ ਸੈਂਕੜੇ ਦੀ ਗਿਣਤੀ ਵਿਚ ਲਾਫਾਯੇਟੀ ਪਾਰਕ ਪੁੱਜੇ ਸਿੱਖ ਭਾਰਤ ਵਿਚ ਧਾਰਮਿਕ ਘੱਟਗਿਣਤੀਆਂ ਨੂੰ ਵਧ ਰਹੇ ਖਤਰੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਸਨ।
ਅਮਰੀਕਨ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾ. ਪ੍ਰਿਤਪਾਲ ਸਿੰਘ, ਖਾਲਿਸਤਾਨ ਅਫੇਅਰਜ ਸੈਂਟਰ ਵਾਸ਼ਿੰਗਟਨ ਡੀ ਸੀ ਦੇ ਮੁੱਖ ਬੁਲਾਰੇ ਅਤੇ ਉਘੇ ਸਿੱਖ ਆਗੂ ਡਾ. ਅਮਰਜੀਤ ਸਿੰਘ ਵਾਸ਼ਿੰਗਟਨ, ਐਸ ਐਫ ਜੇ ਦੇ ਕੋਆਰਡੀਨੇਟਰ ਸੁਖਵਿੰਦਰ ਸਿੰਘ ਠਾਣਾ, ਅਵਤਾਰ ਸਿੰਘ ਪੰਨੂ, ਡਾ. ਬਖਸ਼ੀਸ਼ ਸਿੰਘ ਸੰਧੂ, ਜਤਿੰਦਰ ਸਿੰਘ ਗਰੇਵਾਲ ਕੈਨੇਡਾ, ਤਜਿੰਦਰ ਕੌਰ ਨਿੱਝਰ ਵੈਨਕੂਵਰ, ਭਾਈ ਮੇਜਰ ਸਿੰਘ ਨਿੱਝਰ ਕੈਲੀਫੋਰਨੀਆ, ਨਰਿੰਦਰ ਸਿੰਘ ਭਾਊ, ਭਾਈ ਬੂਟਾ ਸਿੰਘ ਖਰੌਦ (ਐਸ ਏ ਡੀ ਅੰਮ੍ਰਿਤਸਰ), ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖਸ ਫਾਰ ਜਸਟਿਸ, ਖ਼ਾਲਿਸਤਾਨ ਦੇ ਸ਼ਹੀਦਾਂ ਦੇ ਪਰਿਵਾਰਾਂ, ਸਮੂਹ ਗੁਰਦੁਆਰਾ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਦੀ ਅਗਵਾਈ ਵਿਚ ਸੈਂਕੜਿਆਂ ਦੇ ਗਿਣਤੀ ਵਿਚ ਸਿਖ ਵਾਈਟ ਹਾਊਸ ਵਿਖੇ ਇਕੱਠੇ ਹੋਏ ਸਨ।
ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ਤੇ ਜਾਓੁ,ਵੇਖੋ:
Washington Citizens’ Court Indicts Indina PM Modi for Gujarat Human Rights Violations