ਚੰਡੀਗੜ੍ਹ (5 ਜਨਵਰੀ, 2015): ਡੇਰਾ ਸੌਦਾ ਸਾਧ ਸਿਰਸਾ ਜੋ ਕਿ ਪਹਿਲਾਂ ਤੋਂ ਹੀ ਕਤਲਾਂ ਅਤੇ ਆਪਣੀਆਂ ਸ਼ਰਧਾਲੂ ਔਰਤਾਂ ਨਾਲ ਬਲਾਤ ਕਾਰ ਕਰਨ ਦੇ ਮਾਮਲੇ ਵਿੱਚ ਸੀਬੀਆਈ ਦੀ ਅਦਾਲਤ ਵਿੱਚ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ, ਖਿਲਾਫ ਡੇਰੇ ਦੇ ਸ਼ਰਧਾਲੂ ਪੁਰਸ਼ਾਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿੱਚ ਕੇਸ ਦਰਜ਼ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸੀ.ਬੀ.ਆਈ. ਨੇ ਗੁਰਮੀਤ ਰਾਮ ਰਹੀਮ ਦੇ ਖ਼ਿਲਾਫ਼ ਕੇਸ ਦਰਜ ਕਰਨ ਲਈ ਸਬੂਤਾਂ ਦਾ ਅਧਿਐਨ ਸ਼ੁਰੂ ਕਰ ਦਿੱਤਾ ਹੈ। ਉਸ ਦੇ ਆਧਾਰ ‘ਤੇ ਹੀ ਅਗਲਾ ਕਦਮ ਚੁੱਕਿਆ ਜਾਵੇਗਾ।
ਸੂਤਰਾਂ ਦਾ ਕਹਿਣਾ ਹੈ ਕਿ ਸੀ.ਬੀ.ਆਈ. ਵੱਲੋਂ ਸਬੂਤਾਂ ਦੇ ਅਧਿਐਨ ਤੋਂ ਬਾਅਦ ਕੇਸ ਚੰਡੀਗੜ੍ਹ ਵਿੱਚ ਹੀ ਦਰਜ ਕੀਤੇ ਜਾਣ ਦੇ ਆਸਾਰ ਹਨ ਕਿਉਂਕਿ ਡੇਰਾ ਮੁਖੀ ਦੇ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਚੰਡੀਗੜ੍ਹ ਵਿੱਚ ਦਰਜ ਕੀਤੇ ਗਏ ਸਨ ਤੇ ਇਨ੍ਹਾਂ ਕੇਸਾਂ ਦੀ ਸੁਣਵਾਈ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਵਿੱਚ ਚੱਲ ਰਹੀ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਮਹੀਨੇ ਇੱਕ ਪੀੜਤ ਵਿਅਕਤੀ ਹੰਸ ਰਾਜ ਦੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਡੇਰੇ ਵਿੱਚ ਪੁਰਸ਼ਾਂ ਨੂੰ ਨਿਪੁੰਸਕ ਬਣਾਉਣ ਦਾ ਕੇਸ ਸੀ.ਬੀ.ਆਈ. ਨੂੰ ਸੌਂਪ ਦਿੱਤਾ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਡੇਰਾ ਮੁਖੀ ਵੱਲੋਂ ਕਾਫੀ ਵਿਅਕਤੀਆਂ ਨੂੰ ਨਿਪੁੰਸਕ ਬਣਾਇਆ ਗਿਆ ਹੈ ਤੇ ਇਸ ਮਾਮਲੇ ਵਿੱਚ ਡੇਰਾ ਮੁਖੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਪੁਲੀਸ ਨੇ ਜਾਂਚ ਨਾਲ ਸਬੰਧਤ ਸਾਰਾ ਰਿਕਾਰਡ ਸੀ.ਬੀ.ਆਈ. ਦੇ ਇੰਸਪੈਕਟਰ ਅਰਵਿੰਦ ਕੁਮਾਰ ਦੇ ਹਵਾਲੇ ਕਰ ਦਿੱਤਾ ਹੈ। ਇਸ ਕੇਸ ਵਿੱਚ ਸਿਰਸਾ ਪੁਲੀਸ ਨੇ ਸੱਤ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਸਨ।
ਦੂਸਰੇ ਪਾਸੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਪੁਲੀਸ ਅਤੇ ਖੁਫੀਆ ਜਾਂਚ ਏਜੰਸੀਆਂ ਡੇਰੇ ਵਿੱਚ ਹਥਿਆਰਾਂ ਦੀ ਸਿਖਲਾਈ ਦੇਣ ਦੀ ਜਾਣਕਾਰੀ ਦੇਣ ਦੀ ਰਿਪੋਰਟ ਤਿਆਰ ਕਰ ਰਹੀਆਂ ਹਨ ਕਿ ਡੇਰੇ ਵਿੱਚ ਕਿੰਨੇ ਸ਼ਰਧਾਲੂਆਂ ਨੂੰ ਹਥਿਆਰਾਂ ਦੀ ਸਿਖਲਾਈ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੇ ਆਪਣੇ ਸ਼ਰਧਾਲੂ ਸਾਧੂਆਂ ਨੂੰ ਇਹ ਕਹਿ ਕਿ ਨਿਪੁੰਕ ਬਣਾ ਦਿੱਤਾ ਸੀ ਕਿ ਇਸ ਤਰਾਂ ਕਰਨ ਨਾਲ ਉਨ੍ਹਾਂ ਨੂੰ ਰੱਬ ਦੀ ਪ੍ਰਾਪਤੀ ਹੋ ਜਾਵੇਗੀ।