ਪੰਜਗਰਾਈ ਕਲਾਂ (1 ਅਕਤੂਬਰ, 2014): ਲੰਘੇ ਸਿੱਖ ਅਜ਼ਾਦੀ ਸੰਘਰਸ਼ ਵਿੱਚ ਆਪਣੀ ਜਾਨ ਕੌਮ ਦੇ ਲੇਖੇ ਲਾਉਣ ਵਾਲੇ ਕੌਮੀ ਸ਼ਹੀਦ ਭਾਈ ਜਗਰਾਜ ਸਿੰਘ ਸਮਾਲਸਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿੱਚ ਲਾ ਦਿੱਤੀ ਗਈ ਹੈ।ਇਹ ਤਸਵੀਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼ਸ਼ੋਭਿਤ ਕੀਤੀ।
ਪਿੱਛਲੇ ਸਾਲ ਭਾਈ ਜਗਰਾਜ ਸਿੰਘ ਦੇ ਸਤਿਕਾਰਯੋਗ ਪਿਤਾ ਦੀ ਅੰਤਮ ਅਰਦਾਸ ਮੌਕੇ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਉੱਥੇ ਹਾਜ਼ਰ ਪੰਥਕ ਆਗੂਆਂ ਨੇ ਭਾਈ ਸਾਹਿਬ ਦੀ ਤਸਵੀਰ ਕੇਂਦਰੀ ਅਜਾਇਬ ਘਰ ਵਿੱਚ ਲਾਉਣ ਦੀ ਬੇਨਤੀ ਕੀਤੀ ਸੀ, ਜਿਸਤੇ ਜੱਥੇਦਾਰ ਅਕਾਲ ਤਖਤ ਸਾਹਿਬ ਨੇ ਜਲਦੀ ਹੀ ਤਸਵੀਰ ਅਜਇਬ ਘਰ ਵਿੱਚ ਲਾਉਣ ਦਾ ਭਰੋਸਾ ਦਿਵਾਇਆ ਸੀ।
ਸ਼ਹੀਦ ਭਾਈ ਜੁਗਰਾਜ ਸਿੰਘ ਦੇ ਮਾਤਾ ਬੀਬੀ ਰਣਜੀਤ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗਿਆਨੀ ਗੁਰਬਚਨ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਈ ਜੁਗਰਾਜ ਸਿੰਘ ਦੀ ਤਸਵੀਰ ਕੇਦਰੀ ਸਿੱਖ ਅਜਾਇਬ ਘਰ ਵਿੱਚ ਲੱਗਣ ਨਾਲ ਉਨ੍ਹਾਂ ਦੀ ਅੰਤਮ ਇੱਛਾ ਪੂਰੀ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਉਨ੍ਹਾਂ ਦੀ ਆਰਥਿਕ ਮੱਦਦ ਕਰਨ ਲਈ ਕਈ ਵਾਰ ਪੇਸ਼ਕਸ਼ ਕੀਤੀ ਪਰ ਉਨ੍ਹਾਂ ਹਮੇਸ਼ਾ ਹੀ ਇਨਕਾਰ ਕਰ ਦਿੱਤਾ, ਕਿਉਂਕਿ ਉਹ ਆਪਣੇ ਪੁੱਤਰ ਦੀ ਸ਼ਹੀਦੀ ਦਾ ਨਹੀਂ ਵੱਟਣਾ ਚਾਹੁੰਦੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੇ ਕਈ ਕੇਸ ਲੜੇ, ਕਾਫੀ ਆਰਿਥਕ ਨੁਕਸਾਨ ਹੋਇਆ ਪਰ ਕਿਸੇ ਕੋਲੋ ਕੁਝ ਮੰਗਿਆ ਨਹੀ ਅਤੇ ਆਪਣੇ ਪੁੱਤਰ ਦੇ ਕਾਰਨਾਮਿਆਂ ‘ਤੇ ਮਾਣ ਕਰਦੀ ਹੋਈ ਅੱਜ ਵੀ ਆਪਣੀ ਜ਼ਿੰਦਗੀ ਪੂਰੀ ਸ਼ਾਨ ਅਤੇ ਹੌਸਲੇ ਨਾਲ ਜੀਅ ਰਹੀਂ ਹਾਂ।