ਚੰਡੀਗੜ੍ਹ: 10 ਨਵੰਬਰ ਨੂੰ ਹੋਣ ਵਾਲੇ ਸਰਬੱਤ ਖਾਲਸਾ ਦਾ ਹਿੱਸਾ ਬਣਨ ਲਈ ਉੱਤਰੀ ਅਮਰੀਕਾ ਦੇ ਸਿੱਖਾਂ ਦੇ ਪ੍ਰਤੀਨਿਧੀਆਂ ਦਾ ਜਥਾ ਅੱਜ ਪੰਜਾਬ ਪਹੁੰਚ ਗਿਆ ਹੈ।ਇਸ ਪ੍ਰਤੀਨਿਧ ਜੱਥੇ ਵਿੱਚ ਹਰਿੰਦਰ ਸਿੰਘ, ਮਨਜੀਤ ਸਿੰਘ ਉੱਪਲ, ਮਨਜੀਤ ਸਿੰਘ ਬਰਾੜ, ਰੇਸ਼ਮ ਸਿੰਘ ਅਤੇ ਯਾਦਵਿੰਦਰ ਸਿੰਘ ਸ਼ਾਮਿਲ ਹਨ।ਜੱਥੇ ਦੇ ਪ੍ਰਤੀਨਿਧੀਆਂ ਵੱਲੋਂ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ।

ਪੱਤਰਕਾਰਾਂ ਦੇ ਸਵਾਲਾ ਦੇ ਜਵਾਬ ਦਿੰਦਿਆ ਉਨ੍ਹਾਂ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਫੈਂਸਲੇ ਪੂਰੀ ਦੁਨੀਆ ਦੇ ਸਿੱਖਾਂ ਨੂੰ ਅਸਰਅੰਦਾਜ਼ ਹੁੰਦੇ ਹਨ ਇਸ ਲਈ ਅਕਾਲ ਤਖ਼ਤ ਸਾਹਿਬ ਨੂੰ ਰਾਜਨੀਤਿਕ ਪਾਰਟੀਆਂ ਦੇ ਪ੍ਰਭਾਵ ਤੋਂ ਮੁਕਤ ਕਰਾਉਣਾ ਸਮੇਂ ਦੀ ਮੁੱਖ ਲੋੜ ਹੈ।
ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਉਨ੍ਹਾਂ ਨੂੰ ਹਟਾਉਣ ਲਈ, ਉਨ੍ਹਾਂ ਦੀ ਭੂਮਿਕਾ ਅਤੇ ਜਿੰਮੇਵਾਰੀਆਂ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਮੁਤਾਬਿਕ ਫੈਸਲੇ ਕਰਨ ਦਾ ਪੁਖਤਾ ਵਿਧੀ ਵਿਧਾਨ ਹੋਣਾ ਜਰੂਰੀ ਹੈ।
ਜੱਥੇ ਦੇ ਕੋਔਰਡੀਨੇਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਜੱਥਾ ਉੱਤਰੀ ਅਮਰੀਕਾ ਦੀਆਂ 100 ਦੇ ਕਰੀਬ ਜਥੇਬੰਦੀਆਂ ਦੀ ਨੁਮਾਇੰਦਗੀ ਲਈ ਪੰਜਾਬ ਆਇਆ ਹੈ ਤੇ ਉਹ ਇਨ੍ਹਾਂ ਸਾਰੇ ਪਹਿਲੂਆਂ ਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਨਾਲ ਗੱਲ ਸ਼ੁਰੂ ਕਰਨਗੇ ਤਾਂ ਕਿ 2016 ਦੀ ਵੈਸਾਖੀ ਤੱਕ ਇੱਕ ਵਿਧੀ ਵਿਧਾਨ ਦਾ ਖਰੜਾ ਤਿਆਰ ਕੀਤਾ ਜਾ ਸਕੇ।
ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਮੰਨਿਆ ਕਿ ਸਰਬੱਤ ਖਾਲਸਾ ਨੂੰ ਸਹੀ ਢੰਗ ਨਾਲ ਕਰਨ ਲਈ ਇਹ ਬਹੁਤ ਥੋੜਾ ਸਮਾ ਹੈ ਪਰ 10 ਨਵੰਬਰ ਵਾਲੇ ਸਮਾਗਮ ਤੋਂ ਇੱਕ ਵੀਚਾਰ ਚਰਚਾ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ ਜਿਸ ਵਿੱਚੋ ਅਗਲੇ ਸਾਲ ਵਿਸਾਖੀ ਤੱਕ ਇੱਕ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਪ੍ਰੋਗਰਾਮ ਉਲੀਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਅਮਰੀਕੀ ਸਿੱਖ ਚਾਹੁੰਦੇ ਹਨ ਕਿ 10 ਨਵੰਬਰ ਨੂੰ ਆਰਜ਼ੀ ਜਥੇਦਾਰਾਂ ਦਾ ਐੇਲਾਨ ਕੀਤਾ ਜਾਵੇ ਜੋ ਕਿ 2016 ਦੀ ਵੈਸਾਖੀ ਤੱਕ ਕੰਮ ਕਰਨ।ਪਰ ਸੰਭਾਵੀ ਜਥੇਦਾਰਾਂ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਅਜੇ ਸਰਬੱਤ ਖਾਲਸਾ ਸਮਾਗਮ ਕਰਵਾ ਰਹੀਆਂ ਜਥੇਬੰਦੀਆਂ ਨਾਲ ਗੱਲ ਕਰਨਗੇ।
ਇਸ ਦੌਰਾਨ ਜੱਥੇ ਵੱਲੋਂ ਹੇਠ ਦਿੱਤਾ ਪ੍ਰੈਸ ਨੋਟ ਜਾਰੀ ਕੀਤਾ ਗਿਆ।
ਪ੍ਰੈਸ ਨੋਟ
6 ਨਵੰਬਰ 2015
ਕੈਨੇਡਾ ਅਤੇ ਅਮਰੀਕਾ ਦੀਆਂ 100 ਸਿੱਖ ਜਥੇਬੰਦੀਆਂ ਦੇ ਨੁਮਾਇੰਦੇਆਂ ਵਜੋਂ ਉੱਤਰੀ ਅਮਰੀਕੀ ਸਿੱਖਾਂ ਦਾ ਇੱਕ ਜੱਥਾ ਪੰਜਾਬ ਆਇਆ ਹੈ। ਇਸ ਪ੍ਰਤਿਨਿਧ ਜੱਥੇ ਵਿਚ ਹਰਿੰਦਰ ਸਿੰਘ, ਮਨਜੀਤ ਸਿੰਘ ਉੱਪਲ, ਮਨਜੀਤ ਸਿੰਘ ਬਰਾੜ, ਰੇਸ਼ਮ ਸਿੰਘ ਅਤੇ ਯਾਦਵਿੰਦਰ ਸਿੰਘ ਸ਼ਾਮਿਲ ਹਨ। ਇਸ ਜੱਥੇ ਦੇ ਨਿਰੋਲ ਦੋ ਮਕਸਦ ਹਨ: ਅਕਾਲ ਤਖ਼ਲ ਸਾਹਿਬ ਦੀ ਆਜ਼ਾਦੀ ਬਹਾਲ ਕਰਨ ਲਈ ਵਿਚਾਰ ਚਰਚਾ ਕਰਨਾ ਅਤੇ ਸਰਬੱਤ ਖ਼ਾਲਸਾ ਦੀ ਰਿਵਾਇਤ ਨੂੰ ਮੁੜ ਸੁਰਜੀਤ ਕਰਨਾ। ਇਨ੍ਹਾਂ ਮਕਸਦਾਂ ਦੀ ਨਿਸ਼ਾਨਦੇਹੀ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਯੂਬਾ ਸਿਟੀ ਵਿੱਚ 31 ਅਕਤੂਬਰ ਨੂੰ ਹੋਏ ਇੱਕ ਰੋਜ਼ਾ ਨੌਰਥ ਅਮੈਰੀਕਨ ਸਿੱਖ ਸੱਮਿਟ ਦੌਰਾਨ ਵਿਚਾਰ ਵਟਾਂਦਰੇ ਰਾਹੀਂ ਸਰਬਸੰਮਤੀ ਨਾਲ ਕੀਤੀ ਗਈ ਸੀ।
ਇਹ ਜੱਥਾ ਪਰਦੇਸ ਵਸਦੇ ਸਿੱਖਾਂ ਵਿਚ ਸੰਵਾਦ ਦੀ ਭਾਵਨਾ ਦੀ ਨੁਮਾਇੰਦਗੀ ਕਰਦਾ ਹੈ, ਅਤੇ ਇਸ ਇੱਛਾ ਤਹਿਤ ਪੰਜਾਬ ਆਇਆ ਹੈ। ਜੱਥੇ ਦੇ ਕੋਔਰਡੀਨੇਟਰ, ਹਰਿੰਦਰ ਸਿੰਘ ਨੇ ਕਿਹਾ ਕਿ “ਅਕਾਲ ਤਖ਼ਲ ਸਾਹਿਬ ਅਤੇ ਜਥੇਦਾਰਾਂ ਦੇ ਫ਼ੈਸਲੇ ਪੂਰੀ ਦੁਨਿਆ ਵਿੱਚ ਵਸਦੇ ਸਿੱਖਾਂ ਉੱਤੇ ਅਸਰਅੰਦਾਜ਼ ਹੁੰਦੇ ਹਨ ਜਿਸ ਕਾਰਨ ਫ਼ੈਸਲੇ ਲੈਣ ਵਿੱਚ ਸਭ ਦੀ ਸ਼ਮੂਲੀਅਤ ਜ਼ਰੂਰੀ ਹੈ।” ਇਹ ਜੱਥਾ 10 ਨਵੰਬਰ ਨੂੰ ਹੋਣ ਵਾਲੇ ਸਰਬੱਤ ਖ਼ਾਲਸਾ ਦੇ ਸਿਲਸਿਲੇ ਵਿੱਚ ਵਖ-ਵਖ ਸਿੱਖ ਜਥੇਬੰਦੀਆਂ ਨੂੰ ਮਿਲੇਗਾ। ਇਸ ਮਾਮਲੇ ਵਿੱਚ ਇਸ ਜੱਥੇ ਦਾ ਕੰਮ ਜਥੇਦਾਰਾਂ ਦੀ ਨਿਯੁਕਤੀ ਵਿੱਚ ਅਪਣਾਈ ਜਾਣ ਵਾਲੀ ਪਰਕ੍ਰਿਆ ਦੀ ਭਰੋਸੇਯੋਗਤਾ ਯਕੀਨੀ ਬਣਾਉਣਾ ਹੈ। ਨਿਯੁਕਤ ਜਥੇਦਾਰ 2016 ਦੀ ਵਿਸਾਖੀ ਤੱਕ ਆਰਜ਼ੀ ਤੋਰ ਤੇ ਕੰਮ ਕਰਨ ।
ਇਹ ਜੱਥਾ ਅਪ੍ਰੈਲ 2016 ਤੱਕ ਅਕਾਲ ਤਖ਼ਤ ਦੀ ਖ਼ੁਦਮੁਖ਼ਤਿਆਰੀ, ਜੋ ਕਿ ਹਰ ਸਰਕਾਰ ਅਤੇ ਰਾਜਸੀ ਦਲ ਦੇ ਦਬਾਅ ਤੋ ਮੁਕਤ ਹੋਵੇ ਤੇ ਕੇਵਲ ਦਸਾਂ ਗੁਰੂਆਂ ਗੁਰੂ ਨਾਨਕ ਸਾਹਿਬ-ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਮਿਲਦੀ ਸੇਧ ਨੂੰ ਹੀ ਮੁਖ ਰਖੇ, ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਢਾਂਚੇ ਦਾ ਨਕਸ਼ਾ ਤਿਆਰ ਕਰਨ ਵਾਸਤੇ ਸੁਹਿਰਦ ਧਿਰਾਂ ਨਾਲ ਤਾਲਮੇਲ ਬਨਾਉਣ ਦੀ ਇੱਛਾ ਰੱਖਦਾ ਹੈ। ਅਕਾਲ ਤਖ਼ਤ ਸਾਹਿਬ ਤੋਂ ਪੰਥ ਦੀ ਕੂਟਨੀਤਕ ਸੋਚ ਅਤੇ ਦੂਰਅੰਦੇਸ਼ਕ ਯੋਜਨਾਵਾਂ ਨੂੰ ਹੁਲਾਰਾ ਮਿਲਣਾ ਚਾਹੀਦਾ ਹੈ, ਅਤੇ ਨਾਲ ਹੀ ਗੁਰਮਤੇ ਤੇ ਹੁਕਮਨਾਮੇ ਲਾਗੂ ਕਰਨ ਵਿਚ ਸੇਧ ਲਈ ਸਲਾਹਕਾਰ ਕਮੇਟੀਆਂ ਹੋਣੀਆਂ ਚਾਹੀਦੀਆਂ ਹਨ। ਸਰਬੱਤ ਖ਼ਾਲਸਾ ਸੱਦੇ ਜਾਣ ਅਤੇ ਇਸ ਵਿੱਚ ਸੰਸਾਰ ਦੇ ਹਰ ਕੋਨੇ ਤੋਂ ਤਿੰਨ ਕਰੋੜ ਸਿੱਖਾਂ ਦੇ ਸਰੋਕਾਰ ਸ਼ਾਮਿਲ ਕਰਨ ਦਾ ਵਿਧੀਵਿਧਾਨ ਤੈਅ ਹੋਣਾ ਚਾਹੀਦਾ ਹੈ। ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰਾਂ ਦੀ ਕਾਰਗੁਜ਼ਾਰੀ ਨੂੰ ਯਕੀਨੀ ਬਨਾਉਣ ਲਈ ਲੋੜੀਂਦੇ ਕਾਨੂੰਨੀ ਅਤੇ ਮਾਇਕ ਪਰਬੰਧ ਕੀਤੇ ਜਾਣ, ਜੋ ਕੇ ਪਾਰਦਰਸ਼ੀ ਅਤੇ ਜੁਆਬਦੇਹ ਹੋਣ, ਅਤੇ ਨਾਲ ਹੀ ਪੰਥਕ ਯੋਜਨਾਵਾਂ ਨੂੰ ਅਗਾਂਹ ਤੋਰਨ। ਪੰਜ ਜਥੇਦਾਰਾਂ ਨੂੰ ਥਾਪਣ ਜਾਂ ਅਹੁਦੇ ਤੋਂ ਹਟਾਉਣ, ਉਨ੍ਹਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਦੇ ਨਾਲ-ਨਾਲ ਗੁਰੂ ਗ੍ਰੰਥ ਸਾਹਿਬ ਦੀ ਸੋਚ ਮੁਤਾਬਕ ਫ਼ੈਸਲੇ ਕਰਨ ਦਾ ਪੁਖਤਾ ਵਿਧੀ-ਵਿਧਾਨ ਹੋਣਾ ਜ਼ਰੂਰੀ ਹੈ।
ਇਹ ਜੱਥਾ 10 ਨਵੰਬਰ ਨੂੰ ਹੋਣ ਵਾਲੇ ਸਰਬੱਤ ਖ਼ਾਲਸਾ ਵਿੱਚ ਸ਼ਮੂਲੀਅਤ ਕਰੇਗਾ, ਅਤੇ ਹੁਣ ਤੋਂ ਉਸ ਸਮੇਂ ਤੱਕ ਦੇ ਸਮੁੱਚੇ ਘਟਨਾਕ੍ਰਮ ਅਤੇ ਵਿਚਾਰ ਵਟਾਂਦਰੇ ਦੀ ਸੂਚਨਾ ਤਿਆਰ ਕਰੇਗਾ। ਇਸ ਦਾ ਬੁਨਿਆਦੀ ਮਕਸਦ ਪੰਥ ਅੰਦਰ ਹਾਜ਼ਰ ਵੰਨਸਵੰਨੀ ਆਵਾਜ਼ਾਂ ਵਿੱਚ ਪਰਵਾਸੀ ਸਿੱਖਾਂ ਦੇ ਸਰੋਕਾਰ ਦਰਜ ਕਰਵਾਉਣਾ ਹੈ। ਹਰਿੰਦਰ ਸਿੰਘ ਨੇ ਆਖਿਆ ਕਿ, “ਇਹ ਜੱਥਾ ਸਭ ਸਿੱਖ ਜਥੇਬੰਦੀਆਂ ਦੇ ਨਾਲ-ਨਾਲ ਨੌਜਵਾਨ ਪੀੜ੍ਹੀ, ਔਰਤਾਂ ਅਤੇ ਨਜ਼ਰਅੰਦਾਜ਼ ਤਬਕਿਆਂ ਦੀ ਸ਼ਮੂਲੀਅਤ ਦੀ ਵਕਾਲਤ ਕਰਦਾ ਹੈ, ਤਾਂ ਜੋ ਪੰਥਕ ਭਾਵਨਾਵਾਂ ਅਤੇ ਸੰਵੇਦਨਾਵਾਂ ਦਾ ਘੇਰਾ ਵੱਡਾ ਕੀਤਾ ਜਾ ਸਕੇ।”
ਜਾਰੀ ਕਰਤਾ,
ਹਰਿੰਦਰ ਸਿੰਘ, ਉੱਤਰੀ ਅਮਰੀਕੀ ਸਿੱਖ ਜਥੇ ਵਲੋਂ