ਕੈਲੀਫੋਰਨੀਆ (28 ਮਈ, 2015): ਅਮਰੀਕਾ ਵਿੱਚ ਸਾਲ 2012 ਵਿੱਚ ਵਿਸਕਾਨਸਿਨ ਦੇ ਗੁਰਦੁਆਰਾ ਸਾਹਿਬ ਵਿੱਚ ਵਾਪਰੇ ਗੋਲੀ ਕਾਂਡ ਵਿੱਚ ਬਹਾਦਰੀ ਵਿਖਾਉਣ ਵਾਲੇ ਪੁਲਿਸ ਅਫਸਰ ਦਾ ਅੱਜ ਇੱਥੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਅਮਰੀਕਨ ਨਾਇਕ ਲੈਫ. ਬਰਾਇਨ ਮਰਫੀ ਗੋਲੀਆਂ ਲੱਗਣ ਉਪਰੰਤ ਜ਼ਖਮੀ ਹੋਣ ਦੇ ਬਾਵਜੂਦ ਬਾਕੀ ਪੁਲਿਸ ਅਫਸਰਾਂ ਨੂੰ ਅੰਦਰ ਮੌਜੂਦ ਸਿੱਖਾਂ ਦੀ ਜਾਨ ਬਚਾਉਣ ਦਾ ਨਿਰਦੇਸ਼ ਦਿੰਦੇ ਰਹੇ।
ਕੇ-3 ਇੰਟਰਨੈਸ਼ਨਲ ਵੱਲੋਂ ਬਰਾਇਨ ਮਰਫੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ 5 ਅਗਸਤ, 2012 ਨੂੰ ਵਿਸਕਾਨਸਿਨ ਗੁਰਦੁਆਰਾ ਗੋਲੀ ਕਾਂਡ ‘ਚ ਸਿੱਖਾਂ ਨੂੰ ਬਚਾਉਣ ਖ਼ਾਤਰ 15 ਗੋਲੀਆਂ ਆਪਣੇ ‘ਤੇ ਖਾਧੀਆਂ ਸਨ।

ਵਿਸਕਾਨਸਿਨ ਗੁਰਦੁਆਰਾ ਗੋਲੀ ਕਾਂਡ ‘ਚ 6 ਸਿੱਖਾਂ ਦੀ ਮੌਤ ਹੋ ਗਈ ਸੀ। ਸਥਾਨਕ ਅਮਰੀਕੀ ਸਿੱਖ ਭਾਈਚਾਰੇ ਸਮੇਤ ਸੈਕਰਾਮੈਂਟੋ ਵੈਲੀ ਕਮਿਊਨਿਟੀ ਦੇ ਮੈਂਬਰਾਂ ਨੇ ਬੀਤੇ ਦਿਨ ਐਲਕ ਗਰੋਵ, ਸੈਕਰਾਮੈਟੋਂ ‘ਚ ਮਰਫੀ ਦਾ ਸਨਮਾਨ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ।
ਇਸ ਮੌਕੇ ਬਰਾਇਨ ਮਰਫੀ ਨੇ ਉਸ ਦਿਨ ਦੀ ਘਟਨਾ ਦਾ ਜ਼ਿਕਰ ਕੀਤਾ ਜਿਸ ਨੂੰ ਬਿਆਨ ਕਰਦਿਆਂ ਦੀ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ ਦੇ ਮਾਹੌਲ ਗਮਗੀਨ ਹੋ ਗਿਆ। ਪੰਜਾਬੀ ਅਮਰੀਕੀ ਹੈਰੀਟੇਜ ਸੁਸਾਇਟੀ ਦੇ ਸਹਿਯੋਗ ਨਾਲ ਕੇ-3 ਇੰਟਰਨੈਸ਼ਨਲ ਵੱਲੋਂ ਕਰਵਾਏ ਗਏ ਇਸ ਸਮਾਗਮ ‘ਚ ਸਟੇਟ ਸੈਨੇਟਰ ਰਿਚਰਡ ਪੈਨ, ਅਸੈਂਬਲੀ ਮੈਂਬਰ ਜਿਮ ਕੂਪਰ, ਸਾਬਕਾ ਅਸੈਂਬਲੀ ਮੈਂਬਰ ਮਾਰੀਕੋ ਯਮਾਡਾ, ਸਟੇਟ ਸੈਨੇਟਰ ਬੌਬ ਹਫ ਦੀ ਅਗਵਾਈ ਉਨ੍ਹਾਂ ਦੇ ਸਟਾਫ ਜੈਕੀ ਨੂਗਿਆਨ ਨੇ ਕੀਤੀ।
ਇਸ ਤੋਂ ਇਲਾਵਾ ਬੌਬੀ ਸਿੰਘ ਐਲਨ, ਸੈਕਰਾਮੈਂਟੋ ਕਾਊਂਟੀ ਸ਼ੈਰਿਫ ਚੀਫ ਡਿਪਟੀ ਡੌਗ ਲੀ, ਗਾਇਕਾ ਪੂਨਮ ਮਲਹੋਤਰਾ, ਡੈਨੀ ਲੀ, ਡੌਗ ਹਾਲੈਂਡ, ਮੇਅਰ ਸੂ ਫਰੋਸਟ, ਲਾਥਰੋਪ ਮੇਅਰ ਸੋਨੀ ਧਾਲੀਵਾਲ, ਵਾਸ਼ਿੰਗਟਨ ਤੋਂ ਡਾ. ਰਾਜਵੰਤ ਸਿੰਘ, ਬਾਸਿਮ ਐਲਕਾਰਾ, ਟੋਨੀ ਧਾਲੀਵਾਲ, ਦਲਵਿੰਦਰ ਸਿੰਘ ਧੂਤ, ਤੇਜ ਮਾਨ, ਜਸਬੀਰ ਕੰਗ ਤੇ ਗੁਰਿੰਦਰ ਸੂਰਾਪੂਰੀ ਸ਼ਾਮਿਲ ਹੋਏ। ਕੇ-3 ਇੰਟਰਨੈਸ਼ਨਲ ਦੇ ਸੰਸਥਾਪਕ ਮੈਂਬਰ ਇੰਦਰਜੀਤ ਸਿੰਘ ਕਾਲੀਰਾਏ, ਗੁਰਇਕਬਾਲ ਸਿੰਘ ਕੰਗ ਤੇ ਰਵਿੰਦਰ ਸਿੰਘ ਕਾਹਲੋਂ ਨੇ ਇਸ ਸਮਾਗਮ ਨੂੰ ਕਰਵਾਇਆ।