ਚੰਡੀਗੜ੍ਹ: ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਖਿਲਾਫ ਸਿੱਖ ਰੋਹ ਵਧਦਾ ਜਾ ਰਿਹਾ ਹੈ ਤੇ ਸਿੱਖ ਸੰਗਤਾਂ ਵਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਇਸ ਫਿਲਮ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਇਸ ਫਿਲਮ ‘ਤੇ ਮੁਕੰਮਲ ਪਬੰਦੀ ਲਾਉਣ ਦੀ ਮੰਗ ਕੀਤੀ ਗਈ। ਬੀਤੇ ਕੱਲ੍ਹ ਹੁਸ਼ਿਆਰਪੁਰ ਵਿਚ ਸ਼ਹਿਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਵਲੋਂ ਸਥਾਨਕ ਗੁਰਦੁਆਰਾ ਸਿੰਘ ਸਭਾ ਤੋਂ ਲੈ ਕੇ ਮਿੰਨੀ ਸਕੱਤਰੇਤ ਤਕ ਰੋਸ ਮਾਰਚ ਕੱਢਿਆ ਗਿਆ ਤੇ ਇਸ ਦੌਰਾਨ ਭਾਰਤੀ ਸੈਂਸਰ ਬੋਰਡ ਨੂੰ ਕੋਸਿਆ ਗਿਆ। ਸਿੱਖਾਂ ਦਾ ਕਹਿਣਾ ਹੈ ਕਿ 2015 ਵਿਚ ਸਿੱਖ ਪੰਥ ਦੇ ਰੋਸ ਦੇ ਚਲਦਿਆਂ ਇਹ ਫਿਲਮ ਵਾਪਿਸ ਲਈ ਗਈ ਸੀ, ਪਰ ਭਾਰਤੀ ਸੈਂਸਰ ਬੋਰਡ ਨੇ ਫੇਰ ਵੀ ਇਸ ਫਿਲਮ ਨੂੰ ਪ੍ਰਵਾਨਗੀ ਦਿੱਤੀ।

ਇਸ ਦੌਰਾਨ ਸਿੱਖ ਆਗੂਆਂ ਨੇ ਕਿਹਾ ਕਿ ਫਿਲਮ ਨਾਨਕ ਸ਼ਾਹ ਫਕੀਰ ਵਿਚ ਸਿੱਖੀ ਸਿਧਾਂਤਾ ਦੇ ਉਲਟ ਫਿਲਮੀ ਅਦਾਕਾਰਾਂ ਵਲੋਂ ਗੁਰੂ ਸਾਹਿਬ ਦੇ ਪਰਿਵਾਰਕ ਮੈਂਬਰਾਂ ਦਾ ਰੋਲ ਨਿਭਾਇਆ ਗਿਆ ਹੈ ਤੇ ਇਸ ਫਿਲਮ ਵਿਚ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਐਨੀਮੇਸ਼ਨ ਤਕਨੀਕ ਨਾਲ ਦਿਖਾਇਆ ਗਿਆ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
ਸਮੂਹ ਸਿੱਖ ਜਥੇਬੰਦੀਆਂ ਵਲੋਂ ਇਸ ਮੌਕੇ ਪੰਜਾਬ ਸਰਕਾਰ, ਭਾਰਤ ਦੀ ਕੇਂਦਰ ਸਰਕਾਰ ਅਤੇ ਸੈਂਸਰ ਬੋਰਡ ਤੋਂ ਮੰਗ ਕੀਤੀ ਗਈ ਕਿ ਇਸ ਫਿਲਮ ਦੀ ਰਿਲੀਜ਼ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ ਤਾਂ ਜੋ ਮਾਹੌਲ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਤਹਿਸੀਲਦਾਰ ਅਰਵਿੰਦ ਵਰਮਾ ਨੇ ਸਿੱਖ ਜਥੇਬੰਦੀਆਂ ਕੋਲੋਂ ਮੰਗ ਪੱਤਰ ਲੈ ਕੇ ਵਿਸ਼ਵਾਸ ਦਵਾਇਆ ਕਿ ਉਹ ਸਿੱਖ ਜਥੇਬੰਦੀਆਂ ਦੀਆਂ ਭਾਵਨਾਵਾਂ ਸਬੰਧੀ ਸਰਕਾਰ ਨੂੰ ਜਾਣੂ ਕਰਵਾ ਦੇਣਗੇ।
ਦਰਬਾਰ ਸਾਹਿਬ ਨਜ਼ਦੀਕ ਹੈਰੀਟੇਜ ਸਟਰੀਟ ਵਿਖੇ ਵਿਰੋਧ ਪ੍ਰਦਰਸ਼ਨ
ਅੰਮ੍ਰਿਤਸਰ: ਅੱਜ ਇਥੇ ਧਰਮ ਸਿੰਘ ਮਾਰਕੀਟ ਨੇੜੇ ਸਿੱਖ ਸੰਗਤ ਵਲੋਂ ਰੋਸ ਵਿਖਾਵਾ ਕੀਤਾ ਗਿਆ। ਰੋਸ ਵਿਖਾਵੇ ਵਿਚ ਬੀਬੀਆਂ ਅਤੇ ਮਰਦ ਵੀ ਸ਼ਾਮਲ ਸਨ। ਧਰਨੇ ਵਿਚ ਸ਼ਾਮਲ ਪਰਮਜੀਤ ਸਿੰਘ ਨੇ ਆਖਿਆ ਕਿ ਇਹ ਧਰਨਾ ਕਿਸੇ ਸਿੱਖ ਜਥੇਬੰਦੀ ਵਲੋਂ ਨਹੀਂ ਸਗੋਂ ਸਿੱਖ ਸੰਗਤ ਵਲੋਂ ਹੈ। ਇਸ ਫਿਲਮ ਵਿਚ ਸਿੱਖ ਸਿਧਾਂਤ ਦੀ ਉਲੰਘਣਾ ਕਰ ਕੇ ਸਿੱਖ ਗੁਰੂਆਂ ਨੂੰ ਮਨੁੱਖੀ ਰੂਪ ਵਿਚ ਦਿਖਾਉਣ ਦਾ ਯਤਨ ਕੀਤਾ ਗਿਆ ਹੈ। ਸਿੱਖ ਕਾਰਕੁਨਾਂ ਵਲੋਂ ਫਿਲਮ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।

ਇਸ ਦੌਰਾਨ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਫਿਲਮ ਦਾ ਵਿਰੋਧ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਜਿਨ੍ਹਾਂ ਵਲੋਂ ਪਹਿਲਾਂ ਫਿਲਮ ਦੀ ਪ੍ਰਸ਼ੰਸਾ ਕੀਤੀ ਗਈ ਸੀ, ਵਾਸਤੇ ਇਕ ਚੰਗਾ ਮੌਕਾ ਹੈ ਕਿ ਉਹ ਫਿਲਮ ’ਤੇ ਰੋਕ ਲਵਾਉਣ ਲਈ ਅੱਗੇ ਆਉਣ। ਉਨ੍ਹਾਂ ਆਖਿਆ ਕਿ ਪ੍ਰਮੁੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਫਿਲਮ ਨੂੰ ਰੁਕਵਾਉਣ ਲਈ ਆਪਣਾ ਅਸਰ ਰਸੂਖ ਵਰਤਣ।
ਉਨ੍ਹਾਂ ਆਖਿਆ ਕਿ ਸਿੱਖ ਇਸ ਬਾਰੇ ਡਿਪਟੀ ਕਮਿਸ਼ਨਰਾਂ ਰਾਹੀਂ ਮੁਖ ਮੰਤਰੀ ਨੂੰ ਮੰਗ ਪੱਤਰ ਭੇਜਣ ਅਤੇ ਪੰਜਾਬ ਦਾ ਮਾਹੌਲ ਸ਼ਾਂਤ ਰੱਖਣ ਲਈ ਫਿਲਮ ਦੀ ਰਿਲੀਜ਼ ’ਤੇ ਰੋਕ ਲਾਉਣ ਦੀ ਮੰਗ ਕਰਨ। ਸ਼੍ਰੋਮਣੀ ਕਮੇਟੀ ਵੀ ਸੈਂਸਰ ਬੋਰਡ ਕੋਲ ਪਹੁੰਚ ਕਰ ਕੇ ਫਿਲਮ ਨੂੰ ਰੁਕਵਾਉਣ ਲਈ ਪੰਥਕ ਫਰਜ਼ ਅਦਾ ਕਰੇ। ਇਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਫਿਲਮ ਦੇ ਨਿਰਦੇਸ਼ਕ ਨੂੰ ਦਿੱਤਾ ਪ੍ਰਵਾਨਗੀ ਪੱਤਰ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਹੈ।

ਗੁਰਦੁਅਰਾ ਦੂਖ ਨਿਵਾਰਣ ਸਾਹਿਬ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ
ਪਟਿਆਲਾ: ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਖਿਲਾਫ ਸਿੱਖ ਨੌਜਵਾਨਾਂ ਵਲੋਂ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਵਿਚ ਸ਼ਾਮਿਲ ਹੋਣ ਪਹੁੰਚੀਆਂ ਵੱਖ-ਵੱਖ ਧਾਰਮਿਕ ਸਖਸ਼ੀਅਤਾਂ ਨੂੰ ਨੌਜਵਾਨਾਂ ਵਲੋਂ ਇਸ ਫਿਲਮ ਦਾ ਵਿਰੋਧ ਕਰਨ ਲਈ ਪ੍ਰੇਰਿਆ ਗਿਆ, ਜਿਹਨਾਂ ਵਿਚ ਗਿਆਨੀ ਗੁਰਬਚਨ ਸਿੰਘ, ਗਿਆਨੀ ਹਰਪ੍ਰੀਤ ਸਿੰਘ ਦਮਦਮਾ ਸਾਹਿਬ, ਬਾਬਾ ਗੁਰਚਰਨ ਸਿੰਘ ਨਾਨਕਸਰ ਕੁਟੀਆ ਸ਼ਾਮਿਲ ਸਨ।