ਨਵੀਂ ਦਿੱਲੀ (21 ਅਪ੍ਰੈਲ, 2015): ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦਾ ਸਮਰਥਨ ਕਰਨ ਕਾਰਨ ਆਪ ਸੰਸਦੀ ਦਲ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਗਏ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀ ਧਰਮਵੀਰ ਗਾਂਧੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵਫਾਦਾਰੀ ਸਖਸ਼ੀਅਤ ਨਾਲ ਨਹੀਂ ਸਗੋਂ ਉਹਨਾਂ ਅਸੂਲਾਂ ਨਾਲ ਹੈ ਜਿਨ੍ਹਾਂ ਦੇ ਅਧਾਰ ‘ਤੇ ਪਾਰਟੀ ਦਾ ਗਠਨ ਕੀਤਾ ਗਿਆ ਹੈ ।

ਸ੍ਰੀ ਧਰਮਵੀਰ ਗਾਂਧੀ ਅਨੁਸਾਰ ਉਨ੍ਹਾਂ ਨੇ ਸਵਰਾਜ, ਵਿਵਸਥਾ ਪਰਿਵਰਤਨ ਅਤੇ ਪਾਰਟੀ ‘ਚ ਅੰਦਰੂਨੀ ਲੋਕਤੰਤਰ ਦੇ ਅਧਾਰ ‘ਤੇ ਪਾਰਟੀ ਦਾ ਲੜ ਫੜਿਆ ਸੀ ਅਤੇ ਜਦੋਂ ਪਾਰਟੀ ਇਨ੍ਹਾਂ ਅਸੂਲਾਂ ਤੋਂ ਥਿੜਕਦੀ ਨਜ਼ਰ ਆਈ ਤਾਂ ਉਨ੍ਹਾਂ ਨੇ ਆਪਣੀ ਅਵਾਜ਼ ਬੁਲੰਦ ਕੀਤੀ । ਭਾਵੇਂ ਪਾਰਟੀ ਵਿਚ ਸ੍ਰੀ ਗਾਂਧੀ ਦੀ ਦੇ ਰੁਤਬੇ ਵਿਚ ਕਮੀ ਆਈ ਹੈ ਪਰ ਪਾਰਟੀ ਵੱਲੋਂ ਭਲਕੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਜ਼ਮੀਨ ਪ੍ਰਾਪਤੀ ਆਰਡੀਨੈਸ ਖਿਲਾਫ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਉਨ੍ਹਾਂ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ ।
ਜ਼ਿਕਰਯੋਗ ਹੈ ਕਿ ਧਰਮਵੀਰ ਗਾਂਧੀ ਨੂੰ ਬਾਗੀ ਧੜੇ ਦੀ ਖੁੱਲ੍ਹ ਕੇ ਹਮਾਇਤ ਕਰਨ ਕਾਰਨ ਸੰਸਦ ‘ਚ ਆਮ ਆਦਮੀ ਪਾਰਟੀ ਦੇ ਨੇਤਾ ਦੇ ਰੁਤਬੇ ਤੋਂ ਹਟਾ ਦਿੱਤਾ ਗਿਆ ਤੇ ਉਨ੍ਹਾਂ ਦੀ ਥਾਂ ਕੇਜਰੀਵਾਲ ਧੜੇ ਦੇ ਕਰੀਬੀ ਸਮਝੇ ਜਾਂਦੇ ਸਾਂਸਦ ਭਗਵੰਤ ਮਾਨ ਨੂੰ ਦੇ ਦਿੱਤੀ ਗਈ ਹੈ ।
ਇਸ ਸਬੰਧ ‘ਚ ਆਪ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੂੰ ਚਿੱਠੀ ਲਿਖ ਕੇ ਜਾਣਕਾਰੀ ਦੇ ਦਿੱਤੀ ਹੈ, ਜਿਸ ਨੂੰ ਸਪੀਕਰ ਨੇ ਪ੍ਰਵਾਨ ਵੀ ਕਰ ਲਿਆ ਹੈ ।
ਸੰਸਦ ‘ਚ ਆਪ ਦੇ ਨਵੇਂ ਨੇਤਾ ਭਗਵੰਤ ਮਾਨ ਨੇ ਇਸ ਬਦਲਾਅ ‘ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਿਸੇ ਵੀ ਪਾਰਟੀ ‘ਚ ਬਰਦਾਸ਼ਤ ਨਹੀਂ ਕੀਤੀਆਂ ਜਾਂਦੀਆਂ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਵਾਲਿਆਂ ਵਿਰੁੱਧ ਪਾਰਟੀ ਨੇ ਬਹੁਮਤ ਨਾਲ ਇਹ ਫ਼ੈਸਲਾ ਲਿਆ ਹੈ ।