ਲੁਧਿਆਣਾ: ਲੁਧਿਆਣਾ ਪੁਲਿਸ ਪੀਸੀਆਰ ਦੇ ਇੰਚਾਰਜ ਵਰੁਣਜੀਤ ਦੀ ਕੋਠੀ ਵਿੱਚ ਨਾਬਾਲਗ ਨੌਕਰਾਣੀ ਦੀ ਸ਼ੱਕੀ ਹਲਾਤ ਵਿੱਚ ਮੌਤ ਹੋ ਗਈ। ਇਸ ਤੋਂ ਗੁੱਸੇ ਵਿੱਚ ਆਏ ਮ੍ਰਿਤਕ ਰੌਸ਼ਨੀ (16) ਦੇ ਪਰਿਵਾਰ ਵਾਲਿਆਂ ਨੇ (12 ਅਕਤੂਬਰ ਨੂੰ) ਕੋਠੀ ਅੱਗੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਵਿੱਚੋਂ ਕੁਝ ਨੇ ਪਥਰਾਓ ਵੀ ਕੀਤਾ, ਜਿਸ ਦੌਰਾਨ ਇਕ ਇੱਟ ਉਥੇ ਖੜ੍ਹੇ ਥਾਣਾ ਡਿਵੀਜ਼ਨ ਨੰਬਰ 5 ਦੇ ਐਸਐਚਓ ਇੰਸਪੈਕਟਰ ਵਿਨੋਦ ਦੇ ਮੂੰਹ ‘ਤੇ ਲੱਗੀ। ਉਸ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਲਕਾ ਲਾਠੀਚਾਰਜ ਕਰ ਕੇ ਹਟਾਇਆ।

ਕੋਠੀ ਦੀ ਹੇਠਲੀ ਮੰਜ਼ਿਲ ਵਿੱਚ ਇੰਸਪੈਕਟਰ ਵਰੁਣਜੀਤ ਰਹਿੰਦਾ ਹੈ, ਜਦੋਂ ਕਿ ਪਹਿਲੀ ਮੰਜ਼ਿਲ ‘ਤੇ ਉਨ੍ਹਾਂ ਦਾ ਸਾਲਾ ਗੁਰਿੰਦਰ ਸਿੰਘ ਰਹਿੰਦਾ ਹੈ। ਰੌਸ਼ਨੀ ਢਾਈ ਸਾਲਾਂ ਤੋਂ ਗੁਰਿੰਦਰ ਕੋਲ ਹੀ ਕੰਮ ਕਰ ਰਹੀ ਸੀ ਤੇ ਉਥੇ ਹੀ ਰਹਿੰਦੀ ਸੀ। ਰੌਸ਼ਨੀ ਦੇ ਭਰਾ ਅਵਧੇਸ਼ ਨੇ ਕਿਹਾ ਕਿ ਬੁੱਧਵਾਰ ਸ਼ਾਮ ਕਰੀਬ ਸਾਢੇ 7 ਵਜੇ ਉਹ ਭੈਣ ਨੂੰ ਮਿਲਣ ਲਈ ਆਇਆ ਤਾਂ ਮਾਲਕਾਂ ਨੇ ਕਿਹਾ ਕਿ ਉਹ ਆਪਣੀ ਕਿਸੇ ਸਹੇਲੀ ਨੂੰ ਮਿਲਣ ਲਈ ਗਈ ਹੋਈ ਹੈ। ਦੇਰ ਰਾਤ ਕਰੀਬ 12 ਵਜੇ ਫੋਨ ਆਇਆ ਕਿ ਉਸ ਦੀ ਭੈਣ ਨੇ ਖ਼ੁਦਕੁਸ਼ੀ ਕਰ ਲਈ ਹੈ। ਜਦੋਂ ਉਹ ਪਰਿਵਾਰ ਸਮੇਤ ਉਥੇ ਪੁੱਜਿਆ ਤਾਂ ਕਿਸੇ ਨੇ ਘਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ।
ਅਵਧੇਸ਼ ਨੇ ਦੋਸ਼ ਲਾਇਆ ਕਿ ਰੌਸ਼ਨੀ ਦਾ ਬਲਾਤਕਾਰ ਤੋਂ ਬਾਅਦ ਕਤਲ ਕੀਤਾ ਗਿਆ ਹੈ। ਥਾਣਾ ਪੀਏਯੂ ਦੇ ਐਸਐਚਓ ਇੰਸਪੈਕਟਰ ਬ੍ਰਿਜ ਮੋਹਨ ਨੇ ਕਿਹਾ ਕਿ ਹਾਲੇ ਤੱਕ ਜਾਂਚ ਵਿੱਚ ਇਹੀ ਸਾਹਮਣੇ ਆਇਆ ਕਿ ਇਹ ਮਾਮਲਾ ਖ਼ੁਦਕੁਸ਼ੀ ਹੈ। ਜਿਸ ਕਮਰੇ ਵਿੱਚ ਉਸ ਨੇ ਖ਼ੁਦਕੁਸ਼ੀ ਕੀਤੀ ਹੈ, ਉਹ ਅੰਦਰੋਂ ਬੰਦ ਸੀ। ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।