ਜਰਮਨ (15 ਜੁਲਾਈ, 2015): ਜਰਮਨ ਵਿੱਚ 1940 ਤੋਂ 1945 ਤੱਕ ਹਿਟਲਰ ਦੀ ਅਗਵਾਈ ਵਿੱਚ ਨਾਜੀਆਂ ਵੱਲੋਂ ਯਹੂਦੀਆਂ ਦੀ ਵੱਡੀ ਗਿਣਤੀ ਵਿੱਚ ਨਸਲਕੁਸ਼ੀ ਕੀਤੀ ਗਈ ਸੀ ਜਿਸ ਲਈ ਖਾਸ ਗੈਸ ਚੈਂਬਰਾਂ ਵਾਲੇ ਕੈਂਪ ਤਿਆਰ ਕੀਤੇ ਗਏ ਸਨ । ਇਹਨਾਂ ਗੈਸ ਚੈਂਬਰਾਂ ਵਿੱਚ ਕਈ ਲੱਖ ਯਹੂਦੀ ਮਾਰਿਆ ਗਿਆ ।

ਅੱਜ ਲਗਭਗ 70 ਸਾਲਾਂ ਬਾਅਦ ਜਰਮਨ ਦੀ ਇੱਕ ਅਦਾਲਤ ਵੱਲੋਂ ਅਹਿਮ ਫੈਂਸਲਾ ਸੁਣਾਉਂਦਿਆਂ ਇਹਨਾਂ ਮੌਤ ਦੇ ਕੈਂਪਾਂ ਵਿੱਚੋਂ ਇੱਕ ਕੈਂਪ ਔਸਵਿਟਜ ਵਿੱਚ ਕੰਮ ਕਰਨ ਵਾਲੇ ਔਸਕਰ ਗਰੋਇਨਿੰਗ ਨੂੰ ਉਸਦੀ 94 ਸਾਲ ਦੀ ਉਮਰ ਵਿੱਚ 4 ਸਾਲ ਦੀ ਸਜਾ ਸੁਣਾਈ ਹੈ ।ਜਿਕਰਯੋਗ ਹੈ ਕਿ ਔਸਕਰ ਸਿਰਫ ਕੈਦ ਯਹੂਦੀਆਂ ਕੋਲੋਂ ਉਹਨਾਂ ਦਾ ਸਮਾਨ ਜਾ ਪੈਸੇ ਇਕੱਠੇ ਕਰਦਾ ਸੀ । ਪਰ ਕੋਰਟ ਨੇਂ ਔਸਕਰ ਨੂੰ ਨਸਲਕੁਸ਼ੀ ਕਰਨ ਵਾਲਾ ਇੱਕ ਸੰਦ ਮੰਨ ਕੇ ਇਹ ਸਜਾ ਸੁਣਾਈ ਹੈ ।
ਜਿਕਰਯੋਗ ਹੈ ਕਿ ਇਸ ਨਸਲਕੁਸ਼ੀ ਲਈ ਅਨੇਕਾਂ ਦੋਸ਼ੀਆਂ ਨੂੰ ਸਜਾਵਾਂ ਮਿਲ ਚੁੱਕੀਆਂ ਹਨ । ਇੱਕ ਨਸਲਕੁਸ਼ੀ ਨਵੰਬਰ 1984 ਵਿੱਚ ਭਾਰਤ ਕਹੇ ਜਾਣ ਵਾਲੇ ਮੁਲਕ ਵਿੱਚ ਵੀ ਹੋਈ ਜਿਸ ਵਿੱਚ ਸਿੱਖਾਂ ਨੂੰ ਸਮੇਂ ਦੀ ਭਾਰਤ ਦੀ ਸਰਕਾਰ ਦੀ ਸ਼ਹਿ ‘ਤੇ ਬਹੁਗਿਣਤੀ ਨਾਲ ਸਬੰਧਿਤ ਬੁਰਛਾਗਰਦਾਂ ਨੇ ਸੋਚੀ ਸਮਝੀ ਸਾਜਿਸ਼ ਅਧੀਨ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਪੂਰੇ ਮੁਲਕ ਵਿੱਚ ਮਾਰ ਦਿੱਤਾ ਸੀ ਪਰ ਇਸ ਨਸਲਕੁਸ਼ੀ ਦੇ ਸ਼ਿਕਾਰ ਸਿੱਖਾਂ ਨੂੰ 31 ਸਾਲ ਬਾਅਦ ਵੀ ਕੋਈ ਇਨਸਾਫ ਨਹੀਂ ਮਿਲਿਆ ।