ਵੈਨਕੂਵਰ (7 ਅਪ੍ਰੈਲ ,2015): ਭਾਰਤ ਦਾ ਪ੍ਰਧਾਨ ਮੰਤਰੀ ਇਸ ਮਹੀਨੇ ਕੈਨੇਡਾ ਸਰਕਾਰ ਦੇ ਸੱਦੇ ‘ਤੇ ਕੈਨੇਡਾ ਦੀ ਫੇਰੀ ‘ਤੇ ਜਾ ਰਿਹਾ ਹੈ। ਮੋਦੀ ਦੀ ਕੈਨੇਡਾ ਫੇਰੀ ਦਾ ਜਿੱਥੇ ਸਿੱਖ ਜੱਥੇਬਦੀਆਂ ਸਮੇਤ ਦਲਿਤ ਫਰੰਟ ਅਤੇ ਇਸਾਈ ਜੱਥੇਬੰਦੀਆਂ ਵਿਰੋਧ ਕਰ ਰਹੀਆਂ ਹਨ, ਹੁਣ ਤਰਕਸ਼ੀਲ ਸੱਭਿਆਚਾਰਕ ਸੁਸਾਇਟੀ ਕੈਨੇਡਾ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਫੇਰੀ ਵਿਰੁੱਧ ਰੋਸ ਵਿਖਾਵੇ ਕਰਨ ਦਾ ਐਲਾਨ ਕੀਤਾ ਗਿਆ ਹੈ ।

ਅੱਜ ਪ੍ਰੋਗਰੈਸਿਵ ਸੈਂਟਰ ਸਰੀ ‘ਚ ਹੋਈ ਸੰਸਥਾ ਦੀ ਅਹਿਮ ਇਕੱਤਰਤਾ ਮੌਕੇ ਪ੍ਰਧਾਨ ਬਾਈ ਅਵਤਾਰ ਗਿੱਲ ਦੀ ਅਗਵਾਈ ‘ਚ ਹੋਈ ਵਿਚਾਰ ਚਰਚਾ ਮੌਕੇ ਫੈਸਲਾ ਕੀਤਾ ਗਿਆ ਕਿ ਭਾਰਤ ‘ਚ ਨਰਿੰਦਰ ਮੋਦੀ ਵੱਲੋਂ ਰਾਜ ਸੱਤਾ ਸੰਭਾਲਣ ਮਗਰੋਂ ਵੱਡੇ ਪੱਧਰ ‘ਤੇ ਫੈਲੀ ਫਿਰਕੂ ਨਫਰਤ, ਵਿੱਦਿਆ ਦਾ ਫਿਰਕੂ ਕਰਨ, ਗੁਜਰਾਤ ‘ਚ ਪੰਜਾਬ ਦੇ ਕਿਸਾਨਾਂ ਦਾ ਉਜਾੜਾ, ਕਿਸਾਨ ਵਿਰੋਧੀ ਬਿੱਲ, ਘੱਟ ਗਿਣਤੀਆਂ ਦੀ ਧਰਮ ਤਬਦੀਲੀ ਅਤੇ ਹੋਰਨਾਂ ਲੋਕ ਵਿਰੋਧੀ ਨੀਤੀਆਂ ਖਿਲਾਫ ਰੋਸ ਵਿਖਾਵੇ ਕੀਤੇ ਜਾਣ।
ਸੁਸਾਇਟੀ ਵੱਲੋਂ ਕੈਨੇਡਾ ਦੀ ਟੋਰੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਹਾਰਪਰ ਦੀ ਅਗਵਾਈ ‘ਚ ਬਿਲ ਸੀ-24 ਅਤੇ ਬਿੱਲ ਸੀ-51 ਵਰਗੇ ਜਾਬਰ ਕਾਨੂੰਨਾਂ ਅਤੇ ਗਲਤ ਇਮੀਗ੍ਰੇਸ਼ਨ ਨੀਤੀਆਂ ਦਾ ਵੀ ਵਿਰੋਧ ਕੀਤਾ ਗਿਆ ।