ਚੰਡੀਗੜ੍ਹ: ਪਾਕਿਸਤਾਨ ‘ਚ ਘੱਟਗਿਣਤੀ ਵਜੋਂ ਜਾਣੇ ਜਾਂਦੇ ਸਿੱਖਾਂ ‘ਚੋਂ ਇਕ ਸਿੱਖ ਨੌਜਵਾਨ ਭਾਈ ਮਨਿੰਦਰ ਸਿੰਘ ਨਨਕਾਣਾ ਸਾਹਿਬ ਨੂੰ ਅੱਜ ਯੂਨਾਟਿਡ ਬੈਂਕ ਪਾਕਿਸਤਾਨ ਵੱਲੋਂ 2016 ਦਾ ਸਰਬੋਤਮ ਬੈਂਕ ਐਵਾਰਡ ਦਿੰਦਿਆ ਬੈਂਕ ਮੈਨੇਜਰ ਦੇ ਅਹੁਦੇ ਲਈ ਨਿਯੁਕਤ ਕਰ ਦਿੱਤਾ ਗਿਆ। ਜਿਸ ਨਾਲ ਪਾਕਿਸਤਾਨ ‘ਚ ਪਹਿਲੀ ਵਾਰ ਕੋਈ ਸਿੱਖ ਨੌਜਵਾਨ ਬੈਂਕ ਮੈਨੇਜਰ ਬਣਿਆ ਹੈ। ਜਿਸ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਮਨਿੰਦਰ ਸਿੰਘ ਨਨਕਾਣਾ ਸਾਹਿਬ ਨੇ ਦੱਸਿਆ ਕਿ ਉਸ ਦੀ ਚਾਰ ਸਾਲ ਦੀ ਮਿਹਨਤ ਸਦਕਾ ਗੁਰੂ ਮਹਾਰਾਜ ਨੇ ਉਸ ‘ਤੇ ਬਖਸ਼ਿਸ਼ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਯੂਨਾਟਿਡ ਬੈਂਕ ਪਾਕਿਸਤਾਨ ਦੀਆਂ ਵੱਖ-ਵੱਖ ਮੁਲਕਾਂ ‘ਚ ਹਜ਼ਾਰਾਂ ਸ਼ਖਾਵਾਂ ਦੇ ਨਾਲ-ਨਾਲ ਸਮੁੱਚੇ ਪਾਕਿਸਤਾਨ ‘ਚ 1562 ਸ਼ਖਾਵਾਂ ਹਨ, ਜਿਨ੍ਹਾਂ ‘ਚ ਮੈਨੇਜਰ ਭਰਤੀ ਕਰਨ ਲਈ ਬਹੁਤ ਹੀ ਸਖਤ ਪੇਪਰ ਪਿਛਲੇ ਦਿਨੀਂ ਪੂਰੇ ਪਾਕਿਸਤਾਨ ‘ਚ ਹੋਇਆ ਸੀ, ਜਿਸ ‘ਚ ਉਨ੍ਹਾਂ ਨੂੰ ਕਾਮਯਾਬੀ ਮਿਲੀ ਹੈ। ਉਨ੍ਹਾਂ ਨੂੰ ਪਾਕਿਸਤਾਨ ਦਾ 2016 ਸਰਬੋਤਮ ਬੈਂਕ ਐਵਾਰਡ ਵੀ ਦਿੱਤਾ ਗਿਆ। ਉਨ੍ਹਾਂ ਦੱਸਿਆ ਪਾਕਿਸਤਾਨ ਸਰਕਾਰ ਦੇ ਅੱਧੇ ਹਿੱਸੇ ਵਾਲੇ ਇਸ ਬੈਂਕ ‘ਚ ਪੂਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਉਹ ਸ੍ਰੀ ਨਨਕਾਣਾ ਸਾਹਿਬ ਦੀ ਮੁੱਖ ਬੈਂਕ ‘ਚ ਚਾਰ ਸਾਲ ਪਹਿਲਾ ਹੈੱਡ ਕੈਸ਼ੀਅਰ ਭਰਤੀ ਹੋਏ ਤੇ ਸੁਪਰਵਾਈਜ਼ਰ ਦੇ ਅਹੁਦੇ ਤੱਕ ਪਹੁੰਚੇ।
ਮਨਿੰਦਰ ਸਿੰਘ ਦੇ ਬੈਂਕ ਮੈਨੇਜਰ ਚੁਣੇ ਜਾਣ ‘ਤੇ ਉਨ੍ਹਾਂ ਦੇ ਸਾਕ ਸਬੰਧੀ ਰਿਸ਼ਤੇਦਾਰਾਂ ਤੇ ਮੁਸਲਮਾਨ ਪਰਿਵਾਰ ਜੋ ਉਨ੍ਹਾਂ ਨਾਲ ਸਾਂਝ ਰੱਖਦੇ ਹਨ ਵੱਲੋਂ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਗੁਰਸਿੱਖ ਪਰਿਵਾਰ ਦੇ ਇਸ ਨੌਜਵਾਨ ਨੂੰ ਜੋ ਮਾਣ ਇਸ ਬੈਂਕ ਨੇ ਦਿੱਤਾ ਉਸ ਲਈ ਪੂਰੀ ਦੁਨੀਆਂ ਦੇ ਸਿੱਖਾਂ ਦਾ ਸਿਰ ਫਖ਼ਰ ਨਾਲ ਉੱਚਾ ਹੋਇਆ ਹੈ। ਦੱਸਣਯੋਗ ਹੈ ਕਿ ਮਨਿੰਦਰ ਸਿੰਘ ਦੇ ਪਿਤਾ ਦਿਆ ਸਿੰਘ ਪਹਿਲਾਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਗ੍ਰੰਥੀ ਵਜੋਂ ਸੇਵਾ ਨਿਭਾਉਂਦੇ ਸੀ, ਜੋ ਹੁਣ ਸੇਵਾ ਮੁਕਤ ਹੋ ਗਏ ਹਨ। ਮਨਿੰਦਰ ਸਿੰਘ ਨੂੰ ਇਸ ਸਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਮੈਂਬਰ ਬਣਾਇਆ ਗਿਆ ਹੈ।
ਧੰਨਵਾਦ ਸਹਿਤ: ਅਜੀਤ