
ਸ੍ਰੀਨਗਰ (16 ਅਕਤੂਬਰ, 2014): ਭਾਰਤ ਅਤੇ ਪਾਕਿਸਤਾਨ ਦਰਮਿਆਨ ਪਿੱਛਲੇ ਦਿਨਾਂ ਤੋਂ ਚੱਲ ਰਹੀ ਗੋਲੀਬਾਰੀ ਅਤੇ ਭਾਰਤੀ ਨਾਗਰਿਕਾਂ ਦੀਆਂ ਹੋਈਆਂ ਮੌਤਾਂ ਤੋਂ ਬਾਅਦ ਦੋਹਾਂ ਮੁਲਕਾਂ ਵਿਚਕਾਰ ਤਨਾਅ ਵੱਧਦਾ ਜਾ ਰਿਹਾ ਹੈ ਅਤੇ ਭਾਰਤ ਨੇ ਪਾਕਿਸਤਾਨ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ‘ਤੇ ਵਿਸ਼ੇਸ਼ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਸਰਹੱਦ ‘ਤੇ ਵਾਧੂ ਫੌਜੀ ਦਸਤੇ ਤਾਇਨਾਤ ਕਰਨ ਦਾ ਸਿਲਸਿਲਾ ਵੱਡੇ ਪੱਧਰ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ।
ਭਾਰਤੀ ਫੌਜ ਨੇ ਉੱਤਰੀ ਕਸ਼ਮੀਰ ਦੇ ਨਾਲ ਲੱਗਦੀ ਕੰਟਰੋਲ ਰੇਖਾ ਦੇ ਸੈਕਟਰਾਂ ‘ਚ ਬਫੋਰਸ ਤੋਪਾਂ ਸਥਾਪਤ ਕਰ ਦਿੱਤੀਆਂ ਹਨ ਅਤੇ ਹੋਰ ਤੋਪਾਂ ਉੱਤਰੀ ਕਸ਼ਮੀਰ ਦੇ ਗੁਰੇਜ਼, ਕੁਪਵਾੜਾ, ਉੜੀ ਅਤੇ ਗੁਲਮਰਗ ਸੈਕਟਰਾਂ ਵੱਲ ਰਵਾਨਾ ਕਰ ਦਿਤੀਆਂ ਗਈਆਂ ਹਨ ਜਦਕਿ ਭਾਰੀ ਮਾਤਰਾ ‘ਚ ਗੋਲਾ ਬਾਰੂਦ ਵੀ ਭੇਜ ਦਿੱਤਾ ਗਿਆ ਹੈ।
ਅਜੀਤ ਅਖਬਾਰ ਵਿੱਚ ਨਸ਼ਰ ਖ਼ਬਰ ਅਨੁਸਾਰ ਫੌਜ ਨੇ ਇਨ੍ਹਾਂ ਸੈਕਟਰਾਂ ‘ਚ ਮੋਰਚੇ ਵੀ ਕਾਇਮ ਕਰ ਦਿੱਤੇ ਹਨ। ਸੂਤਰਾਂ ਅਨੁਸਾਰ ਜੰਮੂ-ਕਸ਼ਮੀਰ ‘ਚ ਅੰਤਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ‘ਤੇ ਭਾਰਤ-ਪਾਕਿ ਫੌਜਾਂ ਦਰਮਿਆਨ ਸੂਰਤਹਾਲ ਕਸ਼ੀਦਾ ਬਣੀ ਹੋਈ ਹੈ। ਜਿਸ ਕਾਰਨ ਦੋਵਾਂ ਮੁਲਕਾਂ ‘ਚ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਹੈ। ਪਿਛਲੇ ਕਈ ਹਫ਼ਤਿਆ ਤੋਂ ਜੰਮੂ ਦੀ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ‘ਤੇ ਤਣਾਅ ਦੀ ਸਥਿਤੀ ਜਾਰੀ ਹੈ।