ਅੰਮਿ੍ਤਸਰ ( ਮਾਰਚ, 2015): ਅਦਾਲਤਾਂ ਵੱਲੋਂ ਦਿੱਤੀਆਂ ਗਈਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਚੱਲ ਰਹੇ ਬਾਪੂ ਸੂਰਤ ਸਿੰਘ ਦੇ ਹਿਮਾਇਤੀ ਭਾਈ ਮੋਹਕਮ ਸਿੰਘ ਅੱਜ ਅੰਮ੍ਰਿਤਸਰ ਦੀ ਕੇਦਰੀ ਜੇਲ ਤੋਂ ਰਿਹਾਅ ਹੋ ਗਏ ਹਨ।

ਕਰੀਬ 2 ਹਫ਼ਤੇ ਪਹਿਲਾ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੂੰ ਲੁਧਿਆਣਾ ਤੋਂ ਗਿ੍ਫ਼ਤਾਰ ਕੀਤਾ ਸੀ।ਬੰਦੀ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਲਈ ਸੰਘਰਸ਼ਸ਼ੀਲ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਸਮਰਥਨ ‘ਚ ਭਾਈ ਮੋਹਕਮ ਸਿੰਘ ਨੂੰ ਉਸ ਵੇਲੇ ਗਿ੍ਫ਼ਤਾਰ ਕੀਤਾ ਸੀ, ਜਦੋਂ ਉਹ ਲੁਧਿਆਣਾ ‘ਚ ਉਨ੍ਹਾਂ ਦੇ ਸੰਘਰਸ਼ ‘ਚ ਕੁੱਦਣ ਲਈ ਜਾ ਰਹੇ ਸਨ।
ਅੱਜ ਜ਼ੇਲ੍ਹ ‘ਚੋਂ ਰਿਹਾਅ ਹੋਣ ਉਪਰੰਤ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਇਕ ਬਜ਼ੁਰਗ ਨਾਲ ਪੁਲਿਸ ਜ਼ਿਆਦਤੀ ਨਿੰਦਣਯੋਗ ਹੈ। ਜਦ ਕਿ ਬਾਪੂ ਸੂਰਤ ਦੇ ਪੁੱਤਰ ਰਵਿੰਦਰਪਾਲ ਸਿੰਘ ਗੋਗੀ ਨੂੰ ਪੁਲਿਸ ਵੱਲੋਂ ਗਿ੍ਫ਼ਤਾਰ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।
ਇਸ ਮੌਕੇ ਜ਼ੇਲ੍ਹ ‘ਚੋਂ ਰਿਹਾਅ ਹੋਣ ‘ਤੇ ਉਨ੍ਹਾਂ ਨੂੰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਮੀਤ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ, ਜ਼ਿਲ੍ਹਾ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਹਰੀ ਸਿੰਘ, ਸੁਖਦੀਪ ਸਿੰਘ ਤੇ ਜਸਬੀਰ ਸਿੰਘ ਮੰਡਿਆਲਾ ਆਦਿ ਨੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ।