
ਮਾਨਸਾ ( 20 ਅਕਤੂਬਰ, 2014): ਪੰਜਾਬ ਪੁਲਿਸ ਵੱਲ ਦਾਇਰ ਵੱਖ-ਵੱਖ ਕੇਸਾਂ ਵਿੱਚੋਂ ਜ਼ਮਾਨਤ ‘ਤੇ ਰਿਹਾਅ ਹੋ ਕੇ ਆਏ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਜਿਲਾ ਕਚਹਿਰੀਆਂ ਮਾਨਸਾ ਵਿੱਚ ਦਰਜ਼ ਕੇਸ ਵਿੱਚ ਆਪਣੀ ਪੇਸ਼ੀ ਭੁਗਤੀ।ਸਥਾਨਿਕ ਸਿਵਲ ਜੱਜ ਕੁਲਦੀਪ ਸਿੰਘ ਨੇ ਅਗਲੀ ਕਾਰਵਾਈ ਲਈ 22 ਜਨਵਰੀ 2015 ਦੀ ਤਰੀਖ ਨਿਸ਼ਚਿਤ ਕੀਤੀ ਹੈ।
ਅਦਾਲਤ ਵਿੱਚ ਪੇਸ਼ੀ ਭੁਗਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਰਕਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ‘ਤੇ ਕੇਸ ਸਿਆਸਤ ਤੋਂ ਪ੍ਰੇਰਿਤ ਹੋ ਕੇ ਦਰਜ ਕੀਤੇ ਗਏ ਹਨ ਙ ਉਨ੍ਹਾਂ ਪੰਜਾਬ ਸਰਕਾਰ ਨੂੰ ਸਿੱਖ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣਯੋਗ ਅਦਾਲਤ ‘ਤੇ ਪੂਰਨ ਭਰੋਸਾ ਹੈ ਅਤੇ ਜੋ ਵੀ ਫ਼ੈਸਲਾ ਅਦਾਲਤ ਵੱਲੋਂ ਦਿੱਤਾ ਜਾਵੇਗਾ ਖਿੜੇ ਮੱਥੇ ਪ੍ਰਵਾਨ ਹੋਵੇਗਾ।
ਉਨ੍ਹਾਂ ਦੱਸਿਆ ਕਿ ਪੰਥਕ ਸੇਵਾ ਲਹਿਰ ਵੱਲੋਂ ਪੰਜਾਬ ‘ਚ ਨਸ਼ਿਆਂ ਖਿ਼ਲਾਫ਼ ਮੁਹਿੰਮ ਚਲਾਈ ਜਾਵੇਗੀ ਅਤੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਹਰ ਉਪਰਾਲੇ ਕੀਤੇ ਜਾਣਗੇ। ਉਹ ਅੱਜ ਮਾਨਸਾ ਪੁਲਿਸ ਵੱਲੋਂ 27 ਅਗਸਤ ਨੂੰ ਦਰਜ ਕੀਤੇ ਆਰਮਜ਼ ਐਕਟ ਮੁਕੱਦਮੇ ‘ਚ ਪੇਸ਼ੀ ਭੁਗਤਣ ਆਏ ਸਨ। ਪੇਸ਼ੀ ਮੌਕੇ ਬਾਬਾ ਦਾਦੂਵਾਲ ਦੇ ਵੱਡੀ ਗਿਣਤੀ ਹਮਾਇਤੀ ਹਾਜ਼ਰ ਸਨ।