ਚੰਡੀਗੜ੍ਹ: ਪੰਜਾਬ ਦੀ ਮੌਜੂਦਾ ਸਰਕਾਰ ਉੱਤੇ ਸੂਬੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਜ਼ਿੰਦਗੀ ਦੀ ਰੱਖਿਆ ਕਰਨ ਵਿੱਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਆਮ ਆਦਮੀ ਪਾਰਟੀ ਨੇ ਸਰਕਾਰ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਮੰਗਲਵਾਰ (ਅਪ੍ਰੈਲ 26) ਨੂੰ ਵਾਪਰੀ ਇੱਕ ਘਟਨਾ ਵਿਚ ਕਿਸਾਨ ਬਲਜੀਤ ਸਿੰਘ ਅਤੇ ਉਸ ਦੀ ਮਾਂ ਬਲਵੀਰ ਕੌਰ ਨੇ ਕਥਿਤ ਤੌਰ ‘ਤੇ ਬਰਨਾਲਾ ਦੇ ਪਿੰਡ ਜੋਧਪੁਰ ਵਿਖੇ ਪੰਜਾਬ ਪੁਲਿਸ ਅਤੇ ਮਾਲ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜ਼ਹਿਰ ਖਾ ਕੇ ਇਸ ਲਈ ਆਤਮ ਹੱਤਿਆ ਕਰ ਲਈ ਸੀ ਕਿਉਂਕਿ ਕਰਜ਼ਾ ਵਾਪਸ ਨਾ ਮੋੜ ਸਕਣ ਕਾਰਨ ਉਨ੍ਹਾਂ ਨੂੰ ਸ਼ਾਹੂਕਾਰ ਤੇ ਪੁਲਿਸ ਵੱਲੋਂ ਤੰਗ-ਪਰੇਸ਼ਾਨ ਤੇ ਜ਼ਲੀਲ ਕੀਤਾ ਜਾ ਰਿਹਾ ਸੀ।

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਗਰੂਰ ਤੋਂ ਸਾਂਸਦ ਮੈਂਬਰ ਭਗਵੰਤ ਮਾਨ ਨੇ ਕਿਹਾ, ”ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਇਸਦਾ ਅਸਲ ਕਾਰਨ ਸੂਬੇ ਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਹਨ, ਜਿਸ ਦੇ ਸਿੱਟੇ ਵਜੋਂ ਕਿਸਾਨ ਜਿਉਣ ਤੋਂ ਅਸਮਰਥ ਮਹਿਸੂਸ ਕਰ ਰਹੇ ਹਨ। ਸੂਬੇ ਦੇ 94 ਫੀਸਦੀ ਕਿਸਾਨ 5 ਏਕੜ ਜਾਂ ਇਸ ਤੋਂ ਘੱਟ ਜ਼ਮੀਨ ਦੇ ਮਾਲਕ ਹਨ ਅਤੇ ਅਜਿਹੇ ਸਮੇਂ ਵਿਚ ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬਚਾਉਣ ਲਈ ਇੱਕ ਖਾਸ ਕਿਸਮ ਦੀ ਨੀਤੀ ਤਿਆਰ ਕਰਨ ਦੀ ਸਖਤ ਲੋੜ ਹੈ।”
ਭਗਵੰਤ ਮਾਨ ਨੇ ਕਿਹਾ, ”ਪੰਜਾਬ ਦੇ ਦੌਰੇ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਪੱਤਰ ਲਿਖ ਕੇ ਬਾਦਲ ਸਾਹਿਬ ਨੂੰ ਬੈਂਕਾਂ ਨੂੰ ਇਹ ਅਪੀਲ ਕਰਨ ਲਈ ਕਿਹਾ ਸੀ ਕਿ ਇਕ ਸਾਲ ਦੇ ਸਮੇਂ ਲਈ ਕਰਜ਼ਈ ਕਿਸਾਨਾਂ ਦੀਆਂ ਜਮੀਨਾਂ ਦੀ ਕੁਰਕੀ ਬੰਦ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ, ਪਰੰਤੂ ਬਾਦਲ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਹੁਣ ਬੈਂਕ ਨੇ ਕਰਜ਼ਈ ਕਿਸਾਨਾਂ ਦੀਆਂ ਫੋਟੋਆਂ ਬੈਂਕਾਂ ਦੇ ਬਾਹਰ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜੋ ਕਿ ਹੋਰ ਵੀ ਸ਼ਰਮਿੰਦਗੀ ਵਾਲੀ ਗੱਲ ਹੈ।”
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਬੁਲਾਰੇ ਹਿੰਮਤ ਸਿੰਘ ਸ਼ੇਰਗਿੱਲ ਨੇ ਅੱਜ ਮ੍ਰਿਤਕ ਕਿਸਾਨ ਦੇ ਘਰ ਦਾ ਦੌਰਾ ਕੀਤਾ ਅਤੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ।
‘ਆਪ’ ਨੇ ਉਕਤ ਸ਼ਾਹੂਕਾਰ ਅਤੇ ਉਸਦੇ ਸਾਥੀਆਂ ਖਿਲਾਫ ਗਰੀਬ ਕਿਸਾਨ ਨੂੰ ਆਤਮ ਹੱਤਿਆ ਕਰ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।