ਲੰਡਨ (13 ਮਾਰਚ, 2015): ਬਰਤਾਨੀਆ ਦੀ ਸੰਸਦ ਵਿਚ ਬਰਤਾਨਵੀ ਸਿੱਖਾਂ ਬਾਰੇ ਤਿਆਰ ਕੀਤੀ ਗਈ ਇਕ ਖਾਸ ਰਿਪੋਰਟ ਅੱਜ ਪਾਰਲੀਮੈਂਟਰੀ ਸਮਾਗਮ ਦੌਰਾਨ ਲਾਂਚ ਕੀਤੀ ਗਈ ।ਇਸ ਮੌਕੇ ਪਾਵਰ ਅਤੇ ਊਰਜਾ ਮੰਤਰੀ ਸੰਦੀਪ ਵਰਮਾ, ਸਾਬਕਾ ਅਤੇ ਪਹਿਲੇ ਸਿੱਖ ਮੰਤਰੀ ਪਰਮਜੀਤ ਸਿੰਘ ਢਾਂਡਾ, ਐਮ. ਪੀ. ਪੈਟ ਮੈਕਫੈਡਨ, ਐਮ. ਪੀ. ਮਾਰਗਰੇਟ ਫਿਊਨਾ ਅਤੇ ਰਿਪੋਰਟ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਆਦਿ ਨੇ ਸੰਬੋਧਨ ਕੀਤਾ ।

ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਬਿ੍ਟਿਸ਼ ਸਿੱਖ ਰਿਪੋਰਟ ਨੂੰ ਇਤਿਹਾਸਕ ਦਸਤਾਵੇਜ਼ ਦੱਸਦਿਆਂ ਕਿਹਾ ਕਿ ਸਿੱਖ ਨੈੱਟਵਰਕ ਦੇ ਸਹਿਯੋਗ ਨਾਲ ਤਿਆਰ ਕੀਤੀ ਇਹ ਰਿਪੋਰਟ ਅਗਲੀਆਂ ਪੀੜ੍ਹੀਆਂ ਲਈ ਅਹਿਮ ਦਸਤਾਵੇਜ਼ ਹੈ ।
ਰਿਪੋਰਟ ਵਿੱਚ ਸਿੱਖ ਵੋਟਰਾਂ ਦੇ ਝੁਕਾਅ ਵੇਰਵਿਆਂ ਤੋਂ ਇਲਾਵਾ ਸਿੱਖ ਭਾਈਚਾਰੇ ਦੀ ਬਿ੍ਟਿਸ਼ ਸੁਸਾਇਟੀ ਨੂੰ ਦੇਣ ਦਾ ਜ਼ਿਕਰ ਕੀਤਾ ਗਿਆ ਹੈ ।ਰਿਪੋਰਟ ਅਨੁਸਾਰ ਸਿੱਖ ਵਿਆਹੁਤਾ ਜੀਵਨ ਵਿੱਚ ਵਿਸ਼ਵਾਸ ਰੱਖਦੇ ਹਨ, ਸਿਰਫ 5 ਫੀਸਦੀ ਸਿੱਖ ਤਲਾਕਸ਼ੁਦਾ ਹਨ, ਜਦਕਿ 55 ਫੀਸਦੀ ਮਰਦ ਅਤੇ 62 ਫੀਸਦੀ ਔਰਤਾ ਵਿਆਹੀਆਂ ਹੋਈਆਂ ਹਨ ।65 ਫੀਸਦੀ ਸਿੱਖ ਖੁਦ ਨੂੰ ਬਿ੍ਟਿਸ਼ ਸਿੱਖ ਦੱਸਦੇ ਹਨ, ਜਦਕਿ 12 ਫੀਸਦੀ ਖੁਦ ਨੂੰ ਸਿਰਫ ਸਿੱਖ ਕਹਿੰਦੇ ਹਨ ।
ਸਕਾਟਲੈਂਡ ਦੇ ਰਹਿਣ ਵਾਲੇ 50 ਫੀਸਦੀ ਸਿੱਖ ਖੁਦ ਨੂੰ ਸਕਾਟਿਸ਼ ਸਿੱਖ ਜਾਂ ਸਕਾਟਿਸ਼ ਕਹਿੰਦੇ ਹਨ ।ਰਿਪੋਰਟ ਅਨੁਸਾਰ ਵੱਡੀ ਗਿਣਤੀ ‘ਚ ਸਿੱਖ 1960 ਦੇ ਦਹਾਕੇ ਵਿਚ ਯੂ. ਕੇ. ਆਏ ਸਨ, ਪਰ ਉਨ੍ਹਾਂ ਵਿੱਚੋਂ 49 ਫੀਸਦੀ ਦੇ ਦਾਦਾ-ਦਾਦੀ ਅਤੇ 47 ਫੀਸਦੀ ਦੇ ਨਾਨਾ-ਨਾਨੀ ਯੂ. ਕੇ. ਪੱਕੇ ਤੌਰ ‘ਤੇ ਨਹੀਂ ਸਨ ਵਸੇ ।
ਰਿਪੋਰਟ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਿਰਫ 3 ਫੀਸਦੀ ਸਿੱਖ ਬੇਰੁਜ਼ਗਾਰ ਹਨ ।61 ਫੀਸਦੀ ਸਿੱਖ ਨੌਕਰੀ ਕਰਦੇ ਹਨ, 6 ਫੀਸਦੀ ਪਾਰਟ ਟਾਈਮ ਕੰਮ ਕਰਦੇ ਹਨ, 11 ਫੀਸਦੀ ਖੁਦ ਦਾ ਕਾਰੋਬਾਰ ਚਲਾਉਂਦੇ ਹਨ, ਜਦਕਿ 4 ਫੀਸਦੀ ਰਿਟਾਇਰਡ ਅਤੇ 12 ਫੀਸਦੀ ਵਿਦਿਆਰਥੀ ਹਨ ।