ਚੰਡੀਗੜ੍ਹ: ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਵੱਲੋਂ ਦਿੱਤੀ ਰਿਪੋਰਟ ਵਿੱਚ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਦਾਖਲ ਹੋਏ ਸ਼ੱਕੀ ਫਿਦਾਈਨ ਹਮਲਾਵਰ ਹੋ ਸਕਦੇ ਹਨ। ਇਸ ਕਾਰਨ ਰਾਜ ਵਿਚ ਹਾਈ ਅਲਰਟ ਕਰ ਦਿੱਤਾ ਗਿਆ ਹੈ।
ਪੰਜਾਬ ਪੁਲਿਸ ਵੱਲੋਂ ਲੰਘੀ ਰਾਤ ਦਿੱਲੀ ਪੁਲਿਸ ਤੋਂ ਪ੍ਰਾਪਤ ਹੋਈ ਚਿਤਾਵਨੀ ਤੋਂ ਬਾਅਦ ਰਾਜ ਭਰ ਵਿਚ ਸੁਰੱਖਿਆ ਪੱਖੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ, ਕਿਉਂਕਿ ਕੇਂਦਰ ਸਰਕਾਰ ਦੀ ਜਾਣਕਾਰੀ ਅਨੁਸਾਰ ਜੰਮੂ ਵਾਲੇ ਪਾਸਿਓਾ ਇੱਕ ਕਾਰ ਜਿਸ ਵਿਚ 3 ਪਾਕਿਸਤਾਨੀ ਸ਼ੱਕੀ ਅਤੇ ਇੱਕ ਸਥਾਨਕ ਸਾਥੀ ਦੇ ਸ਼ਾਮਿਲ ਹੋਣ ਦੀ ਸੂਚਨਾ ਹੈ, ਦੇ ਪੰਜਾਬ ਵੱਲ ਆਉਣ ਦੀ ਖ਼ਬਰ ਹੈ ।

ਪੰਜਾਬੀ ਅਖਬਾਰ ਅਜੀਤ ਵਿੱਚ ਛਪੀ ਖਬਰ ਅਨੁਸਾਰ ਉਕਤ ਸਵਿਫਟ ਡਜ਼ਾਇਰ ਕਾਰ ਜਿਸ ਦਾ ਸਲੇਟੀ ਰੰਗ ਦੱਸਿਆ ਜਾ ਰਿਹਾ ਹੈ, ਵਿਚ ਸਵਾਰ ਬੰਦਿਆਂ ਕੋਲ ਵੱਡੀ ਮਾਤਰਾ ਵਿਚ ਅਸਲਾ ਬਰੂਦ, ਸਵੈਚਾਲਕ ਹਥਿਆਰ ਅਤੇ ਮਨੁੱਖੀ ਬੰਬ ਬੈਲਟਾਂ ਦੇ ਹੋਣ ਦੀ ਸੂਚਨਾ ਵੀ ਹੈ । ਭਾਰਤ ਸਰਕਾਰ ਦੀ ਜਾਣਕਾਰੀ ਅਨੁਸਾਰ ਉਕਤ ਕਾਰ ਦੀ ਬਨਿਹਾਲ ਸੁਰੰਗ ਰਾਹੀਂ ਲੰਘੀ ਦੇਰ ਰਾਤ ਜਾਂ ਅੱਜ ਸਵੇਰੇ ਰਾਜ ਵਿਚ ਦਾਖਲ ਹੋਣ ਦੀ ਸੰਭਾਵਨਾ ਸੀ ।
ਭਾਰਤ ਸਰਕਾਰ ਤੋਂ ਮਿਲੀ ਇਸ ਸੂਚਨਾ ਤੋਂ ਬਾਅਦ ਰਾਜ ਦੇ ਪੁਲਿਸ ਮੁਖੀ ਸ੍ਰੀ ਸੁਰੇਸ਼ ਅਰੋੜਾ ਵਲੋਂ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਰਾਜ ਦੇ ਪੁਲਿਸ ਕਮਿਸ਼ਨਰਾਂ ਨੂੰ ਹਾਈ ਅਲਰਟ ਜਾਰੀ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਸਾਰੇ ਮਹੱਤਵਪੂਰਨ ਸਥਾਨਾਂ ‘ਤੇ ਆਉਂਦੇ ਕੁਝ ਦਿਨਾਂ ਲਈ ਸੁਰੱਖਿਆ ਦੇ ਪ੍ਰਬੰਧ ਕਰੜੇ ਕੀਤੇ ਜਾਣ ਅਤੇ ਚੌਕਸੀ ਵਧਾਈ ਜਾਵੇ । ਇਸ ਤੋਂ ਇਲਾਵਾ ਸਾਰੇ ਕੌਮੀ ਤੇ ਸੂਬਾਈ ਮਾਰਗਾਂ ਸਮੇਤ ਸਾਰੇ ਮਾਰਗਾਂ ‘ਤੇ ਹਾਈਟੈਕ ਹਥਿਆਰਾਂ ਨਾਲ ਲੈਸ ਪੁਲਿਸ ਦਸਤਿਆਂ ਦੇ ਨਾਕੇ ਲਾਉਣ ਦੇ ਵੀ ਆਦੇਸ਼ ਦਿੱਤੇ ਗਏ ਤੇ ਰਾਜ ਦੇ ਡਾਇਰੈਕਟਰ ਜਨਰਲ ਪੁਲਿਸ ਅਮਨ ਕਾਨੂੰਨ ਨੂੰ ਉਕਤ ਸਾਰੀ ਪੁਲਿਸ ਕਾਰਵਾਈ ਦੀ ਦੇਖਰੇਖ ਕਰਨ ਲਈ ਕਿਹਾ ਗਿਆ ।
ਪੁਲਿਸ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਸਾਰੇ ਮੁੱਖ ਮਾਰਗਾਂ ‘ਤੇ ਚੱਲਣ ਵਾਲੇ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਕਰਨ ਤੇ ਸਾਰੇ ਮਹੱਤਵਪੂਰਨ ਸਥਾਨਾਂ ਦੀ ਸੁਰੱਖਿਆ ਵਧਾ ਦਿੱਤੀ ਜਾਵੇ ਤੇ ਵਿਸ਼ੇਸ਼ ਕਰ ਧਾਰਮਿਕ ਸਥਾਨਾਂ, ਰੇਲਵੇ ਸਟੇਸ਼ਨਾਂ ਤੇ ਰੇਲਵੇ
ਲਾਈਨਾਂ ਤੋਂ ਇਲਾਵਾ ਸਿਨੇਮਾ ਘਰਾਂ ਤੇ ਭੀੜ ਭੜੱਕੇ ਵਾਲੀਆਂ ਮਾਰਕੀਟਾਂ ਤੇ ਸ਼ਾਪਿੰਗ ਮਾਲ ਆਦਿ ਦੇ ਖੇਤਰਾਂ ਵਿਚ ਸੁਰੱਖਿਆ ਪੱਖੋਂ ਕੋਈ ਢਿੱਲ ਨਾ ਛੱਡੀ ਜਾਵੇ ।
ਭਾਰਤੀ ਫ਼ੌਜ ਦੀਆਂ ਇਮਾਰਤਾਂ ਦੀ ਵੀ ਸੁਰੱਖਿਆ ਜੋ ਕਿ ਫ਼ੌਜੀ ਦਸਤਿਆਂ ਵੱਲੋਂ ਖ਼ੁਦ ਕੀਤੀ ਜਾਂਦੀ ਹੈ, ਨੂੰ ਵੀ ਸੁਚੇਤ ਰਹਿਣ ਲਈ ਕਿਹਾ ਗਿਆ ਹੈ ।
ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ ਅੱਜ ਸ਼ਾਮ ‘ਅਜੀਤ’ ਨਾਲ ਗੱਲ ਕਰਦਿਆਂ ਦੱਸਿਆ ਕਿ ਰਾਜ ਵਿਚ ਉਕਤ ਵਿਸ਼ੇਸ਼ ਸੁਰੱਖਿਆ ਪ੍ਰਬੰਧ ਤੇ ਚੈਕਿੰਗ ਕੱਲ੍ਹ ਰਾਤ ਤੋਂ ਹੀ ਜਾਰੀ ਹੈ ਪਰ ਅਜੇ ਤੱਕ ਸ਼ੱਕੀ ਕਾਰ ਸਬੰਧੀ ਕੋਈ ਪਤਾ ਨਹੀਂ ਲੱਗਾ ਤੇ ਨਾ ਹੀ ਕੋਈ ਸੂਚਨਾ ਮਿਲ ਸਕੀ ਹੈ, ਪ੍ਰੰਤੂ ਰਾਜ ਦੀ ਪੁਲਿਸ ਵੱਲੋਂ ਪੂਰੀ ਚੌਕਸੀ ਰੱਖੀ ਜਾ ਰਹੀ ਹੈ ।
ਪਠਾਨਕੋਟ ਤੇ ਗੁਰਦਾਸਪੁਰ ਦੇ ਖੇਤਰ ਵਿਚ ਬਾਰ-ਬਾਰ ਪਾਕਿਸਤਾਨੀ ਸ਼ੱਕੀਆਂ ਦੇ ਹੋਣ ਸਬੰਧੀ ਅਫ਼ਵਾਹਾਂ ਕਾਰਨ ਰਾਜ ਸਰਕਾਰ ਵੱਲੋਂ ਪਹਿਲਾਂ ਹੀ ਕੇਂਦਰੀ ਸੁਰੱਖਿਆ ਬਲਾਂ ਦੀ ਕੁਝ ਨਫਰੀ ਇਨ੍ਹਾਂ ਖੇਤਰਾਂ ਵਿਚ ਗਸ਼ਤ ਅਤੇ ਨਾਕਿਆਂ ਖਾਤਰ ਲਈ ਹੋਈ ਹੈ ।
ਵਰਨਣਯੋਗ ਹੈ ਕਿ ਮਗਰਲੇ ਕੁਝ ਮਹੀਨਿਆਂ ਦੌਰਾਨ ਰਾਜ ਵਿਚ ਪਹਿਲਾਂ ਗੁਰਦਾਸਪੁਰ ਅਤੇ ਫਿਰ ਪਠਾਨਕੋਟ ਵਿਖੇ ਹਮਲਿਆਂ ਦੀਆਂ 2 ਕਾਰਵਾਈਆਂ ਸਾਹਮਣੇ ਆ ਚੁੱਕੀਆਂ ਹਨ, ਜਿਸ ਤੋਂ ਬਾਅਦ ਪਠਾਨਕੋਟ ਤੇ ਗੁਰਦਾਸਪੁਰ ਖੇਤਰ ਵਿਚ ਸਰਹੱਦ ‘ਤੇ ਸੀਮਾ ਸੁਰੱਖਿਆ ਦਲ ਵਲੋਂ ਵੀ ਆਪਣੀ ਗਸ਼ਤ ਅਤੇ ਨਫਰੀ ਦੁੱਗਣੀ ਕਰ ਦਿੱਤੀ ਗਈ ਹੈ ਤਾਂ ਜੋ ਪਾਕਿਸਤਾਨ ਵਾਲੇ ਪਾਸਿਓਾ ਆਉਣ ਵਾਲ਼ਿਆਂ ‘ਤੇ ਕਰੜੀ ਨਜ਼ਰ ਰੱਖੀ ਜਾ ਸਕੇ ।