ਚੰਡੀਗੜ੍ਹ (5 ਮਾਰਚ, 2016): ਪੰਜਾਬ ਦੇ ਪਾਣੀਆਂ ਦੇ ਮਸਲੇ ‘ਤੇ ਜਿੱਥੇ ਪੰਜਾਬ ਦਾ ਕਿਸਾਨ ਅਤੇ ਹੋਰ ਪੰਜਾਬ ਨਾਲ ਦਰਦ ਰੱਖਣ ਵਾਲੇ ਫਿਰਕਮੰਦ ਹਨ, ਉੱਥੇ ਪੰਜਾਬ ਦੀਆਂ ਰਾਜਸੀ ਪਾਰਟੀਆਂ ਇਸ ਮਾਮਲੇ ‘ਤੇ ਕੋਈ ਰਾਜਸੀ ਬਾਨਣੂ ਬੰਨਣ ਦੀ ਬਜ਼ਾਏ ਪੰਜਾਬ ਦੀ ਹੋਣੀ ਨਾਲ ਜੁੜੇ ਇਸ ਅਹਿਮ ਮੁੱਦੇ ‘ਤੇ ਹਲਕੀ ਰਾਜਨੀਤੀ ਕਰਕੇ ਆਪਣੇ ਆਪ ਨੂੰ ਪੰਜਾਬ ਹਿਤੈਸ਼ੀ ਅਤੇ ਦੂਸਰੇ ਨੂੰ ਪੰਜਾਬ ਵਿਰੋਧੀ ਦੱਸਣ ਵਿੱਚ ਲੱਗੀਆਂ ਹੋਈਆਂ ਹਨ।

ਇਸ ਕਸਰਤ ਤਹਿਤ ਹੀ ਪੰਜਾਬ ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਕੈਪਟਨ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੀ ਸਾਂਝੀਦਾਰ ਭਾਜਪਾ ਦੀ ਐੱਸ.ਵਾਈ.ਐਲ ‘ਤੇ ਦੋਗਲੀ ਨੀਤੀ ਖਿ਼ਲਾਫ਼ ਪੋਲ ਖੋਲ੍ਹ ਮਾਰਚ ਅਬੋਹਰ ਵਿਧਾਨ ਸਭਾ ਹਲਕੇ ਦੇ ਆਖ਼ਰੀ ਪਿੰਡ ਗੁੰਝਲ ਤੋਂ ਐਸ.ਵਾਈ.ਐਲ. ਰੂਟ ‘ਤੇ ਮਾਰਚ ਸ਼ੁਰੂ ਕੀਤਾ ਜਾਵੇਗਾ ।
ਬੁਲਾਰੇ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਉਲੀਕੇ ਮਾਰਚ ਕੱਢਣ ਸੰਬੰਧੀ ਤਾਰੀਖ਼ ਇਕ ਦੋ ਦਿਨਾਂ ‘ਚ ਤੈਅ ਕੀਤੀ ਜਾਵੇਗੀ ।
ਸਾਬਕਾ ਪ੍ਰਦੇਸ਼ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸ. ਬਾਦਲ ਨੇ ਪਾਣੀਆਂ ਦੇ ਮਸਲੇ ਤੋਂ ਇਲਾਵਾ ਪੰਜਾਬੀ ਸੂਬੇ ਅਤੇ ਉਦਯੋਗਾਂ ਦੇ ਮਸਲੇ ‘ਤੇ ਪੰਜਾਬ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਜਿਸ ਲਈ ਪੰਜਾਬ ਦੇ ਲੋਕ ਆਉਂਦੀਆਂ ਵਿਧਾਨ ਸਭ ਚੋਣਾਂ ਵਿਚ ਅਕਾਲੀ ਦਲ ਨੂੰ ਸਬਕ ਸਿਖਾਉਣਗੇ ।
ਵਿਧਾਇਕ ਦਲ ਦੇ ਨੇਤਾ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੇਕਰ ਪੰਜਾਬ ਦਾ ਪਾਣੀ ਹੋਰਨਾਂ ਸੂਬਿਆਂ ਨੂੰ ਦਿੱਤਾ ਗਿਆ ਤਾਂ ਸੂਬੇ ਦੀਆਂ ਜ਼ਮੀਨਾਂ ਬੰਜਰ ਹੋ ਜਾਣਗੀਆਂ ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।ਇਸ ਮਸਲੇ ਨੂੰ ਉਹ ਵਿਧਾਨ ਸਭਾ ਵਿਚ ਸੈਸ਼ਨ ਦੌਰਾਨ ਜ਼ੋਰ ਸ਼ੋਰ ਨਾਲ ਚੁੱਕਣਗੇ ।
ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਮਸਲੇ ‘ਤੇ ਹਮੇਸ਼ਾ ਹੀ ਅਕਾਲੀ ਆਗੂਆਂ ਨੇ ਪੰਜਾਬ ਵਾਸੀਆਂ ਨੂੰ ਗੁਮਰਾਹ ਕੀਤਾ ਹੈ ਜਦਕਿ ਕੈਪਟਨ ਅਮਰਿੰਦਰ ਸਿੰਘ ਦਾ, ਮੁੱਖ ਮੰਤਰੀ ਰਹਿੰਦੇ ਹੋਏ ਇੱਕੋ ਇੱਕ ਪੰਜਾਬ ਪੱਖੀ ਸਟੈਂਡ ਰਿਹਾ ਹੈ ।
ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਪਾਣੀਆਂ ‘ਤੇ ਲਿਆ ਪੱਖ ਪਹਿਲੇ ਦਿਨ ਤੋਂ ਹੀ ਸਹੀ ਹੀ ਹੈ ਜਦਕਿ ਸ. ਬਾਦਲ ਹਮੇਸ਼ਾ ਇਸ ਮਸਲੇ ‘ਤੇ ਲੋਕਾਂ ਨੂੰ ਗੁੰਮਰਾਹ ਕਰਦੇ ਆਏ ਹਨ ।