ਚੰਡੀਗੜ੍ਹ: ਨਸ਼ਿਆਂ ਨੇ ਅੱਜ ਪੰਜਾਬ ਵਿੱਚ ਚਾਰ ਘਰਾਂ ’ਚ ਸੱਥਰ ਵਿਛਾ ਦਿੱਤੇ ਹਨ। ਅੱਜ ਫ਼ਿਰੋਜ਼ਪੁਰ ਸ਼ਹਿਰ ਦੀ ਬਸਤੀ ਸੁੰਨਵਾਂ, ਮਮਦੋਟ ਅਧੀਨ ਆਉਂਦੇ ਪਿੰਡ ਲੱਖਾ ਸਿੰਘ ਵਾਲਾ ਹਿਠਾੜ੍ਹ, ਅਜਨਾਲਾ ਅਧੀਨ ਆਉਂਦੇ ਪਿੰਡ ਸੈਂਸਰਾ ਕਲਾਂ (ਅੰਮ੍ਰਿਤਸਰ) ਅਤੇ ਲੁਧਿਆਣਾ ਦੇ ਲੁਹਾਰਾ ਇਲਾਕੇ ਵਿੱਚ ਨਸ਼ਾ ਕਰਨ ਕਰਕੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਜਦੋਂਕਿ ਇਕ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਫ਼ਿਰੋਜ਼ਪੁਰ ਸ਼ਹਿਰ ਦੀ ਬਸਤੀ ਸੁੰਨਵਾਂ ਵਿੱਚ ਰਹਿੰਦੇ ਨੌਜਵਾਨ ਟੋਨੀ (29) ਪੁੱਤਰ ਸਾਦਕ ਦੀ ਬੀਤੀ ਦੇਰ ਸ਼ਾਮ ਨੂੰ ਨਸ਼ੇ ਕਾਰਨ ਮੌਤ ਹੋ ਗਈ। ਘਰ ਵਿੱਚ ਹਾਲਤ ਵਿਗੜਨ ਮਗਰੋਂ ਉਸ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਅੱਜ ਪੋਸਟ ਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਡਾਕਟਰੀ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਨੌਜਵਾਨ ਨੂੰ ਟੀਬੀ ਵੀ ਸੀ। ਇਸ ਦੌਰਾਨ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਪੁਲੀਸ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਸਖ਼ਤ ਹਦਾਇਤਾਂ ’ਤੇ ਅਮਲ ਸ਼ੁਰੂ ਹੋ ਗਿਆ ਹੈ। ਸਥਾਨਕ ਜ਼ਿਲ੍ਹਾ ਪੁਲੀਸ ਨੇ ਪਿਛਲੇ ਤਿੰਨ ਦਿਨਾਂ ਵਿੱਚ ਦੋ ਦਰਜਨ ਤੋਂ ਵੱਧ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਪੁਲੀਸ ਦਾ ਕਹਿਣਾ ਹੈ ਕਿ ਸਾਰੇ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।
ਪੁਲੀਸ ਥਾਣਾ ਮਮਦੋਟ ਅਧੀਨ ਪੈਂਦੇ ਪਿੰਡ ਲੱਖਾ ਸਿੰਘ ਵਾਲਾ ਹਿਠਾੜ੍ਹ ਵਿੱਚ ਬੀਤੀ ਰਾਤ ਨੌਜਵਾਨ ਦੀ ਚਿੱਟੇ ਕਾਰਨ ਮੌਤ ਹੋ ਗਈ। ਮ੍ਰਿਤਕ ਰਛਪਾਲ ਸਿੰਘ(32) ਪੁੱਤਰ ਨਿਹਾਲ ਸਿੰਘ ਦੇ ਭਰਾ ਬਚਨ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਚਿੱਟਾ ਖਾਣ ਦਾ ਆਦੀ ਸੀ ਅਤੇ ਬੀਤੀ ਰਾਤ ਨਸ਼ੇ ਕਾਰਨ ਉਸਦੀ ਮੌਤ ਹੋ ਗਈ।
ਲੁਧਿਆਣਾ ਵਿੱਚ ਲੁਹਾਰਾ ਇਲਾਕੇ ਵਿੱਚ ਨਸ਼ੇ ਕਾਰਨ ਜਿੱਥੇ ਛੋਟੇ ਭਰਾ ਦੀ ਮੌਤ ਹੋ ਗਈ, ਜਦੋਂਕਿ ਵੱਡਾ ਭਰਾ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਦੋਵੇਂ ਭਰਾ ਮਜ਼ਦੂਰੀ ਦਾ ਕੰਮ ਕਰਦੇ ਸਨ। ਮ੍ਰਿਤਕ ਦੀ ਪਛਾਣ ਜਸਬੀਰ ਸਿੰਘ (25) ਵਜੋਂ ਹੋਈ ਹੈ ਜਦੋਂ ਕਿ ਦੂਸਰਾ ਭਰਾ ਜੋਗਾ ਸਿੰਘ (32) ਹਸਪਤਾਲ ਦਾਖਲ ਹੈ। ਥਾਣਾ ਡਾਬਾ ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦਸ ਦਿਨਾਂ ’ਚ ਲੁਧਿਆਣਾ ਵਿਚ ਨਸ਼ਿਆਂ ਕਰਕੇ ਇਹ ਦੂਜੀ ਮੌਤ ਹੈ।
ਹਲਕਾ ਅਜਨਾਲਾ ਦੇ ਪੁਲੀਸ ਥਾਣਾ ਝੰਡੇਰ ਅਧੀਨ ਪੈਂਦੇ ਪਿੰਡ ਸੈਂਸਰਾ ਕਲਾਂ (ਅੰਮ੍ਰਿਤਸਰ) ਦੇ ਨੌਜਵਾਨ ਪਰਗਟ ਸਿੰਘ (38) ਦੀ ਨਸ਼ੇ ਦੀ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਗਟ ਸਿੰਘ ਡੇਢ-ਦੋ ਮਹੀਨੇ ਤੋਂ ਵੱਡੀ ਮਾਤਰਾ ਵਿੱਚ ਨਸ਼ਾ ਕਰ ਰਿਹਾ ਸੀ।