ਬਠਿੰਡਾ: ਪੰਜਾਬ ਪੁਲਿਸ ਨੇ ਚੋਣਾਂ ਦਾ ਐਲਾਨ ਹੁੰਦਿਆਂ ਹੀ ਅੰਤਰ-ਰਾਜੀ ਸਰਹੱਦਾਂ ਸੀਲ ਕਰ ਦਿੱਤੀਆਂ ਹਨ ਜਿੱਥੇ ਦਿਨ-ਰਾਤ ਪੁਲਿਸ ਦਾ ਪਹਿਰਾ ਰਹੇਗਾ। ਬਠਿੰਡਾ ਜ਼ੋਨ ਦੀ ਸਰਹੱਦ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀ ਹੈ ਜਿੱਥੇ ਕੇਂਦਰੀ ਬਲ ਪੁੱਜ ਗਏ ਹਨ। ਕੇਂਦਰੀ ਬਲਾਂ ਅਤੇ ਪੰਜਾਬ ਪੁਲਿਸ ਦੀ ਤਾਇਨਾਤੀ ਪੰਜਾਬ-ਹਰਿਆਣਾ ਤੇ ਪੰਜਾਬ-ਰਾਜਸਥਾਨ ਸੀਮਾ ’ਤੇ ਕੀਤੀ ਗਈ ਹੈ। ਰਾਜਸਥਾਨ ਵਾਲੇ ਪਾਸਿਓਂ ਨਸ਼ਾ ਰੋਕਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਅੰਤਰਰਾਜੀ ਸਰਹੱਦ ’ਤੇ ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰੇ ਲਗਾ ਦਿੱਤੇ ਹਨ ਅਤੇ ਫਾਜ਼ਿਲਕਾ ਪੁਲਿਸ ਨੇ ਅੰਤਰਰਾਜੀ ਸਰਹੱਦ ’ਤੇ ਕੈਮਰੇ ਲਗਾ ਕੇ ਦੋ ਪੁਆਇੰਟਾਂ ’ਤੇ ਲਾਈਵ ਸਕਰੀਨਿੰਗ ਵੀ ਸ਼ੁਰੂ ਕਰ ਦਿੱਤੀ ਹੈ।
ਮੀਡੀਆ ਦੀਆਂ ਖ਼ਬਰਾਂ ਅਨੁਸਾਰ ਚੋਣਾਂ ਦੇ ਐਲਾਨ ਮਗਰੋਂ ਹੀ ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਵਿੱਚ ਕੇਂਦਰੀ ਬਲਾਂ ਦੀਆਂ ਸੱਤ ਕੰਪਨੀਆਂ ਪੁੱਜ ਗਈਆਂ ਹਨ। ਬਠਿੰਡਾ ਪੁਲਿਸ ਨੇ ਪੰਜਾਬ-ਹਰਿਆਣਾ ਸਰਹੱਦ ’ਤੇ ਚਾਰ ਨਾਕੇ ਲਾਏ ਹਨ ਜਦਕਿ ਅੰਤਰ-ਜ਼ਿਲ੍ਹਾ ਹੱਦਾਂ ’ਤੇ ਵੀ ਵੱਖਰੇ ਨਾਕੇ ਲਾਏ ਗਏ ਹਨ। ਡੀ.ਐਸ.ਪੀ. ਫੂਲ ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਸਲਾਬਤਪੁਰਾ ਲਾਗੇ ਅੰਤਰ ਜ਼ਿਲ੍ਹਾ ਨਾਕੇ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਕੱਲ੍ਹ ਪੁਲਿਸ ਨੇ ਬੱਸਾਂ ਅਤੇ ਹੋਰ ਗੱਡੀਆਂ ਦੀ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ।

ਐਸ.ਪੀ. (ਸਥਾਨਕ) ਬਠਿੰਡਾ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪੰਜਾਬ-ਹਰਿਆਣਾ ਸਰਹੱਦ ’ਤੇ ਦੋ ਸ਼ਿਫਟਾਂ ਵਿੱਚ ਕੇਂਦਰੀ ਬਲ ਡਿਊਟੀ ਦੇਣਗੇ। ਜਾਣਕਾਰੀ ਅਨੁਸਾਰ ਫਾਜ਼ਿਲਕਾ ਵਿੱਚ ਵੀ ਕੇਂਦਰੀ ਬਲਾਂ ਦੀਆਂ ਦੋ ਕੰਪਨੀਆਂ ਪੁੱਜੀਆਂ ਹਨ ਜਦਕਿ ਮੁਕਤਸਰ ਵਿੱਚ ਕੇਂਦਰੀ ਬਲਾਂ ਦੀਆਂ ਦੋ ਕੰਪਨੀਆਂ ਆਈਆਂ ਸਨ। ਇਨ੍ਹਾਂ ਜ਼ਿਲ੍ਹਿਆਂ ਵਿੱਚ 8 ਜਨਵਰੀ ਨੂੰ ਹੋਰ ਕੇਂਦਰੀ ਬਲ ਪੁੱਜ ਜਾਣਗੇ। ਐਸ.ਐਸ.ਪੀ. ਫਾਜ਼ਿਲਕਾ ਨਰਿੰਦਰ ਭਾਰਗਵ ਨੇ ਦੱਸਿਆ ਕਿ ਪੰਜਾਬ-ਰਾਜਸਥਾਨ ਸਰਹੱਦ ’ਤੇ 15 ਥਾਵਾਂ ’ਤੇ ਪੁਲਿਸ ਪਹਿਰਾ ਸ਼ੁਰੂ ਹੋ ਗਿਆ ਹੈ। ਸਾਰੇ ਨਾਕਿਆਂ ’ਤੇ ਸੀਸੀਟੀਵੀ ਕੈਮਰੇ ਵੀ ਲਗਾ ਦਿੱਤੇ ਹਨ।
ਵੇਰਵਿਆਂ ਅਨੁਸਾਰ ਮੁਕਤਸਰ ਦੀ ਸਰਹੱਦ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀ ਹੈ ਜਿੱਥੇ ਅੰਤਰਰਾਜੀ ਸਰਹੱਦ ’ਤੇ 11 ਥਾਂਵਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਐਸ.ਐਸ.ਪੀ. ਮੁਕਤਸਰ ਗੁਰਪ੍ਰੀਤ ਸਿੰਘ ਗਿੱਲ ਦਾ ਕਹਿਣਾ ਸੀ ਕਿ ਹਰ ਨਾਕੇ ’ਤੇ ਸੀਸੀਟੀਵੀ ਕੈਮਰੇ ਲਾਏ ਗਏ ਹਨ। ਮਾਨਸਾ ਪੁਲਿਸ ਨੇ ਪੰਜਾਬ-ਹਰਿਆਣਾ ਸੀਮਾ ’ਤੇ ਪੁਲਿਸ ਪਹਿਰਾ ਲਗਾ ਦਿੱਤਾ ਹੈ। ਪਤਾ ਲੱਗਾ ਹੈ ਕਿ ਪੰਜਾਬ ਪੁਲਿਸ ਨੇ ਮੁਲਾਜ਼ਮਾਂ ਦੀਆਂ ਚੋਣਾਂ ਤੱਕ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਅਤੇ ਖਾਸ ਹਾਲਾਤ ’ਚ ਹੀ ਛੁੱਟੀ ਦਿੱਤੀ ਜਾਵੇਗੀ। ਰਾਮਪੁਰਾ ਅਤੇ ਤਲਵੰਡੀ ਸਾਬੋ ਹਲਕਾ ਕਾਫ਼ੀ ਸੰਵੇਦਨਸ਼ੀਲ ਹੈ ਜਿੱਥੇ ਪੁਲਿਸ ਦੀ ਜ਼ਿਆਦਾ ਤਾਇਨਾਤੀ ਕੀਤੀ ਗਈ ਹੈ। ਚੋਣ ਪ੍ਰਸ਼ਾਸਨ ਦੇ ਉੱਡਣ ਦਸਤਿਆਂ ਨੇ ਵੀ ਵੀਰਵਾਰ ਤੋਂ ਆਪਣੀ ਡਿਊਟੀ ਸੰਭਾਲ ਲਈ ਹੈ।