ਕਾਠਮੰਡੂ: ਖ਼ਬਰ ਮਿਲੀ ਹੈ ਕਿ ਸ਼ੁਕਰਵਾਰ ਸਵੇਰੇ ਨੇਪਾਲੀ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਭਾਰਤ ਵਿਚ ਨੇਪਾਲ ਦੇ ਰਾਜਦੂਤ ਦੀਪ ਕੁਮਾਰ ਉਪਾਧਿਆਏ ਨਾਲ ਗੱਲ ਕੀਤੀ। ਗੱਲਬਾਤ ਦੌਰਾਨ ਦੋਵਾਂ ਵਿਚ ਤਿੱਖੀ ਬਹਿਸ ਹੋਈ। ਇਸ ਤੋਂ ਕੁਝ ਹੀ ਦੇਰ ਬਾਅਦ ਪ੍ਰਧਾਨ ਮੰਤਰੀ ਓਲੀ ਨੇ ਕੈਬਨਿਟ ਦੀ ਮੀਟਿੰਗ ਸੱਦ ਕੇ ਰਾਜਦੂਤ ਦੀਪ ਕੁਮਾਰ ਉਪਾਧਿਆਏ ਨੂੰ ਵਾਪਸ ਬੁਲਾਉਣ ਦਾ ਫੈਸਲਾ ਲੈ ਲਿਆ।

ਇਸ ਤੋਂ ਅਲਾਵਾ ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਦਾ ਭਾਰਤ ਦੌਰਾ ਵੀ ਰੱਦ ਕਰ ਦਿੱਤਾ ਗਿਆ ਹੈ। ਬਿਦਿਆ ਦੇਵੀ ਨੇ 9 ਮਈ ਨੂੰ ਭਾਰਤ ਦੌਰੇ ’ਤੇ ਆਉਣਾ ਸੀ।
ਹਾਲਾਂਕਿ ਭਾਰਤ ਅਤੇ ਨੇਪਾਲ ਦੋਵੇਂ ਨੇਪਾਲ ਦੇ ਸਿਆਸੀ ਦਾ ਹੱਲ ਹੋ ਜਾਣ ਦੀ ਗੱਲ ਕਹਿ ਰਹੇ ਹਨ। ਪਰ ਸੂਤਰ ਦੱਸਦੇ ਨੇ ਇਸ ਵਿਚ ਕੋਈ ਹੋਰ ਗੱਲ ਹੈ।
ਨੇਪਾਲ ਵਿਚ ਇਸ ਵੇਲੇ ਕਈ ਰਾਜਨੀਤਕ ਦਲਾਂ ਦੀ ਮਿਲੀ ਜੁਲੀ ਸਰਕਾਰ ਹੈ। ਦੀਪ ਕੁਮਾਰ ਉਪਾਧਿਆਏ ਨੇਪਾਲੀ ਕਾਂਗਰਸ ਦੇ ਕੋਟੇ ਵਿਚੋਂ ਰਾਜਦੂਤ ਬਣੇ ਸਨ। ਰਾਜਦੂਤ ‘ਤੇ ਜਸੂਸੀ ਦਾ ਵੀ ਸ਼ੱਕ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਨੇਪਾਲ ਵਿਚ ਪਿਛਲੇ ਸਾਲ ਸੰਵਿਧਾਨ ਲਾਗੂ ਹੋਇਆ ਸੀ ਜਿਸ ’ਤੇ ਭਾਰਤ ਅਤੇ ਭਾਰਤ-ਨੇਪਾਲ ਸਰਹੱਦ ’ਤੇ ਰਹਿਣ ਵਾਲੇ ਮਧੇਸ਼ੀ ਲੋਕਾਂ ਨੇ ਇਤਰਾਜ਼ ਜਤਾਇਆ ਸੀ। ਨੇਪਾਲ ਨੇ ਇਸ ਇਤਰਾਜ਼ ਨੂੰ ਆਪਣੇ ਅੰਦਰੂਨੀ ਮਾਮਲਿਆਂ ਵਿਚ ਭਾਰਤ ਦਾ ਦਖ਼ਲ ਮੰਨਿਆ ਸੀ ਅਤੇ ਭਾਰਤੀ ਮੀਡੀਆ ਦੇ ਘਟੀਆ ਰੋਲ ਦੀ ਸਾਰੀ ਦੁਨੀਆਂ ਵਿਚ ਨਿੰਦਾ ਹੋਈ ਸੀ।