ਲੰਬੀ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਖ਼ਤ ਦਮਦਮਾ ਸਾਹਿਬ ਦੇ ਫਾਰਗ਼ ਜਥੇਦਾਰ ਭਾਈ ਗੁਰਮੁੱਖ ਸਿੰਘ ਦੇ ਦੋਸ਼ਾਂ ਦੇ ਜਵਾਬ ‘ਚ ਕਿਹਾ ਕਿ ਚਿੱਠੀ ਸਬੰਧੀ ਸਾਰੇ ਦੋਸ਼ ਝੂਠੇ ਹਨ ਤੇ ਨਾ ਉਨ੍ਹਾਂ ਕਦੇ ਜਥੇਦਾਰਾਂ ’ਤੇ ਦਬਾਅ ਪਾਇਆ ਅਤੇ ਨਾ ਜਥੇਦਾਰਾਂ ਨੂੰ ਘਰ ਬੁਲਾਇਆ। ਉਨ੍ਹਾਂ ਕਿਹਾ ਕਿ ਸਾਰੇ ਦੋਸ਼ ਬਿਨਾਂ ਵਜ੍ਹਾ ਮੜ੍ਹੇ ਗਏ ਹਨ। ਉਹ ਬੁੱਧਵਾਰ ਨੂੰ ਪਿੰਡ ਬਾਦਲ ਵਿਚ ਆਪਣੀ ਰਿਹਾਇਸ਼ ’ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭਾਈ ਗੁਰਮੁੱਖ ਸਿੰਘ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਅਕਾਲ ਤਖ਼ਤ ਤੋਂ ਮਾਫ਼ੀ ਲਈ ਚਿੱਠੀ ਮਾਮਲੇ ’ਚ ਬਾਦਲ ਪਿਉ-ਪੁੱਤ ’ਤੇ ਗੰਭੀਰ ਦੋਸ਼ ਲਾਏ ਸਨ। ਬਾਦਲ ਨੇ ਕਿਹਾ ਕਿ ਹੁਣ ਤਾਂ ਕੀ, ਪਿਛਲੇ 20 ਸਾਲ ਤੋਂ ਉਨ੍ਹਾਂ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ ਵਿੱਚ ਦਖ਼ਲ ਨਹੀਂ ਦਿੱਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਦੀਆਂ ਚੋਣਾਂ ਸਮੇਂ ਉਨ੍ਹਾਂ ਦੀ ਪ੍ਰਚੱਲਤ ‘ਪਰਚੀ’ ਦਾ ਜ਼ਿਕਰ ਕਰਨ ’ਤੇ ਬਾਦਲ ਨੇ ਕਿਹਾ “ਪਰਚੀ ਵਾਲੀ ਗੱਲ ਇੰਜ ਹੈ ਕਿ ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ’ਚ ਹੀ ਸਹਿਮਤੀ ਨਾਲ ਆਗੂ ਆਪਣੀ ਲੀਡਰਸ਼ਿਪ ਨੂੰ ਪ੍ਰਧਾਨ ਜਾਂ ਆਗੂ ਚੁਣਨ ਦਾ ਅਧਿਕਾਰ ਦਿੰਦੇ ਹਨ। ਇੰਜ ਹੀ ਸਾਡੇ ਵੀ ਸੀਨੀਅਰ ਆਗੂਆਂ ਦੀ ਸਹਿਮਤੀ ਨਾਲ ਮਿਲੇ ਅਧਿਕਾਰਾਂ ਦੇ ਆਧਾਰ ’ਤੇ ਪ੍ਰਧਾਨ ਦਾ ਫ਼ੈਸਲਾ ਹੁੰਦਾ ਹੈ। ਇਸ ਨੂੰ ਕੁਝ ਲੋਕਾਂ ਨੇ ‘ਪਰਚੀ’ ਦਾ ਨਾਂਅ ਦੇ ਦਿੱਤਾ ਹੈ। ਜਦੋਂ ਪ੍ਰਧਾਨ ਬਣ ਗਏ, ਉਨ੍ਹਾਂ ਆਪਣਾ ਕੰਮਕਾਜ ਚਲਾਉਣਾ ਹੁੰਦਾ ਹੈ, ਜਿਸ ਵਿੱਚ ਸਾਡਾ ਕੋਈ ਦਖ਼ਲ ਨਹੀਂ।”
ਸਬੰਧਤ ਖ਼ਬਰ:
ਗਿਆਨੀ ਗੁਰਮੁੱਖ ਸਿੰਘ ਮੁਤਾਬਕ; ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਹੁਕਮ ਬਾਦਲਾਂ ਨੇ ਦਿੱਤੇ ਸਨ …