ਲੁਧਿਆਣਾ (12 ਜੂਨ, 2015): ਅੰਬਾਲਾ-ਲੁਧਿਆਣਾ ਮਾਰਗ ‘ਤੇ ਦੋਰਾਹਾ ਪੁੱਲ ਦੇ ਹੇਠਾਂ ਲੰਘ ਰਿਹਾ ਗੈਸ ਦਾ ਭਰਿਆ ਟੈਂਕਰ ਫੱਸ ਗਿਆ ।ਜਿਸ ਕਾਰਨ ਉਸ ਵਿਚੋਂ ਅਮੋਨੀਆ ਗੈਸ ਰਿਸਣੀ ਸ਼ੁਰੂ ਹੋ ਗਈ, ਜਿਸ ਨਾਲ ਨੇੜੇ ਤੇੜੇ ਦੇ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ।ਜਿਨ੍ਹਾਂ ‘ਚੋਂ ਤਿੰਨ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ ਅਤੇ 27 ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।
ਪ੍ਰਸ਼ਾਸਨ ਨੇ ਦੋਰਾਹਾ ਸ਼ਹਿਰ ਖਾਲੀ ਕਰਵਾ ਲਿਆ ।ਜਾਣਕਾਰੀ ਅਨੁਸਾਰ ਗੈਸ ਟੈਂਕਰ ਨੰਬਰ ਜੀ. ਜੇ. 12ਏਟੀ5251 ਜਿਹੜਾ ਗੁਜਰਾਤ ਤੋਂ ਆਇਆ ਸੀ, ਦੋਰਾਹਾ ਪੁਲ ਹੇਠੋਂ ਲੰਘਣ ਸਮੇਂ ਪੁਲ ਨੀਵਾਂ ਹੋਣ ਕਾਰਨ ਉਸ ਦੇ ਹੇਠਾਂ ਫਸ ਗਿਆ, ਜਿਸ ਕਾਰਨ ਉਸ ਵਿਚੋਂ ਅਮੋਨੀਆ ਗੈਸ ਰਿਸਣੀ ਸ਼ੁਰੂ ਹੋ ਗਈ ।ਜਿਸ ਨਾਲ ਲੰਘ ਰਹੇ ਰਾਹਗੀਰਾਂ ਅਤੇ ਨੇੜੇ ਰਹਿੰਦੇ ਘਰਾਂ ‘ਚ ਰਹਿੰਦੇ ਲੋਕਾਂ ‘ਤੇ ਇਸ ਦਾ ਅਸਰ ਪੈਣਾ ਸ਼ੁਰੂ ਹੋ ਗਿਆ ਅਤੇ ਸੈਂਕੜੇ ਲੋਕ ਬੇਹੋਸ਼ ਹੋਏ ਅਤੇ ਹਜ਼ਾਰਾਂ ਪ੍ਰਭਾਵਿਤ ਹੋਏ ।

ਇਸ ਦਾ ਪਤਾ ਲੱਗਣ ਸਾਰ ਹੀ ਸਾਰੇ ਸ਼ਹਿਰ ਦੋਰਾਹਾ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ‘ਚ ਭਗਦੜ ਮਚ ਗਈ ।ਵਧੇਰੇ ਅਸਰ ਲਵਲੀ ਸਟੀਵ, ਕੱਦੋਂ ਚੌਕ, ਪ੍ਰਦੇਸੀ ਸਟੀਕ, ਗੁਰੂ ਨਾਨਕ ਪੁਰ, ਗੋਬਿੰਦਪੁਰ, ਬੋਪਾਰਾਏ ਰੋਡ, ਰੇਲਵੇ ਰੋਡ ‘ਤੇ ਅਸਰ ਪਿਆ ।
ਲੋਕ ਆਪਣੇ ਘਰ-ਬਾਰ ਛੱਡ ਕੇ ਸੜਕਾਂ ‘ਤੇ ਆ ਗਏ ਤੇ ਘਟਨਾ ਵਾਲੀ ਥਾਂ ਤੋਂ ਦੂਰ ਕਾਰਾਂ, ਸੂਕਟਰਾਂ ਆਦਿ ਵਹੀਕਲਾਂ ਰਾਹੀਂ ਦੋਰਾਹਾ ਸਟੇਸ਼ਨ ਵੱਲ ਦੌੜ ਪਏ ।ਇਸ ਸਮੇਂ ਵੀ ਘਰਾਂ ਤੋਂ ਖੁੱਲ੍ਹੀਆਂ ਥਾਵਾਂ ‘ਤੇ 15-20 ਹਜ਼ਾਰ ਲੋਕ ਚਲੇ ਗਏ ।
ਲੋਕਾਂ ‘ਚ ਬਹੁਤ ਸਹਿਮ ਦਾ ਮਾਹੌਲ ਬਣ ਗਿਆ ।ਦੋਰਾਹੇ ਬੇਅੰਤ ਸਿੰਘ ਦੇ ਬੁੱਤ ਨੇੜੇ ਜ਼ਿਆਦਾ ਅਸਰ ਹੋਇਆ ।ਘਟਨਾ ਦਾ ਪਤਾ ਲੱਗਦੇ ਹੀ ਐਸ. ਐਸ. ਪੀ. ਖੰਨਾ ਗੁਰਪ੍ਰੀਤ ਸਿੰਘ ਗਿੱਲ, ਐਸ. ਡੀ. ਐਮ. ਹਰਜੋਤ ਕੌਰ ਪਾਇਲ ਅਤੇ ਹੋਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਪੁਲਿਸ ਮੌਕੇ ‘ਤੇ ਪੁੱਜੀ ਅਤੇ ਬਚਾਅ ਕਾਰਜ ਫੌਰੀ ਤੌਰ ‘ਤੇ ਸ਼ੁਰੂ ਕਰ ਦਿੱਤੇ ।
ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਵੀ ਮੌਕੇ ‘ਤੇ ਪੁੱਜੇ ।ਪੁਲਿਸ ਨੇ ਆਉਣ-ਜਾਣ ਦੇ ਰਸਤੇ ਬੰਦ ਕਰ ਦਿੱਤੇ ਤੇ ਨੇੜੇ ਦੀਆਂ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ।ਜਾਣਕਾਰੀ ਅਨੁਸਾਰ 250 ਤੋਂ ਵਧੇਰੇ ਲੋਕ ਬੇਹੋਸ਼ ਹੋ ਗਏ ।
ਬੇਹੋਸ਼ ਅਤੇ ਹੋਰ ਪ੍ਰਭਾਵਿਤ ਲੋਕਾਂ ਨੂੰ ਹਸਪਤਾਲਾਂ ‘ਚ ਪਹੁੰਚਾਇਆ ਗਿਆ ।ਗੈਸ ਦਾ ਅਸਰ ਨੇੜੇ-ਤੇੜੇ ਦੇ ਹਸਪਤਾਲਾਂ ਵਿਚ ਵੀ ਹੋਣ ਕਾਰਨ ਇਲਾਜ ਅਧੀਨ ਲੋਕਾਂ ਨੂੰ ਲੁਧਿਆਣਾ ਤੇ ਖੰਨਾ ਦੇ ਹਸਪਤਾਲਾਂ ਵਿਚ ਤਬਦੀਲ ਕੀਤਾ ਗਿਆ ਤੇ ਸਥਾਨਕ ਹਸਪਤਾਲ ਖਾਲੀ ਕਰਵਾ ਲਏ ਗਏ ।ਪੁਲਿਸ ਸੂਤਰਾਂ ਅਨੁਸਾਰ ਗੈਸ ਪ੍ਰਭਾਵਿਤ ਲੋਕਾਂ ‘ਚੋਂ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ।ਆਖਰੀ ਖਬਰਾਂ ਮਿਲਣ ਤੱਕ ਸਥਿਤੀ ਕਾਬੂ ਹੇਠ ਪਰ ਤਣਾਅਪੂਰਨ ਸੀ।
ਗੈਸ ਦੇ ਲਗਾਤਾਰ ਫੈਲਣ ਕਾਰਨ ਦੋਰਾਹਾ ਸ਼ਹਿਰ ਨੂੰ ਖਾਲੀ ਕਰਵਾ ਲਿਆ ਗਿਆ ।ਅਨਾਊਾਸਮੈਂਟਾਂ ਕਰਕੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਜਾਣ ਲਈ ਕਿਹਾ ਗਿਆ ।ਗੈਸ ਕਾਰਨ ਨੇੜੇ-ਤੇੜੇ ਦੇ ਕੱਦੋਂ, ਅੜੈਚਾਂ, ਬਰਮਾਲੀਪੁਰ, ਜਸਪਾਲੋਂ, ਚੱਕ ਸਰਾਏ, ਕੋਟ ਸੇਖੋਂ, ਕੋਟ ਪਨੈਚ, ਸ਼ਾਹਪੁਰ, ਮਕਸੂਦੜਾ, ਬਿਲਾਸਪੁਰ ਸਮੇਤ ਦਰਜਨਾਂ ਪਿੰਡ ਵੀ ਇਸ ਗੈਸ ਨਾਲ ਪ੍ਰਭਾਵਿਤ ਹੋਏ ।
ਪਿੰਡਾਂ ਦੇ ਗੁਰੂ ਘਰਾਂ ‘ਚ ਲਗਾਤਾਰ ਅਨਾਊਾਸਮੈਂਟਾਂ ਹੁੰਦੀਆਂ ਰਹੀਆਂ ।ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ।ਦੋਰਾਹੇ ਦੇ ਬਹੁਤ ਸਾਰੇ ਲੋਕਾਂ ਨੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਸ਼ਰਨ ਲਈ ।ਪੁਲਿਸ ਨੇ ਸ਼ਹਿਰ ਤੋਂ 5-5 ਕਿਲੋਮੀਟਰ ਦੀ ਦੂਰੀ ‘ਤੇ ਨਾਕੇ ਲਾ ਕੇ ਆਵਾਜਾਈ ਨੂੰ ਸ਼ਹਿਰ ‘ਚ ਆਉਣ ਤੋਂ ਰੋਕ ਦਿੱਤਾ ।ਜਿਸ ਕਾਰਨ ਦੂਰ-ਦੂਰ ਤੱਕ ਜਾਮ ਲੱਗ ਗਏ ।ਲੋਕ ਗਰੁੱਪਾਂ ਵਿਚ ਪੈਦਲ ਹੀ ਸੁਰੱਖਿਅਤ ਸਥਾਨਾਂ ਵੱਲ ਚਲੇ ਗਏ।