ਅੰਮ੍ਰਿਤਸਰ: ਗਿਆਨੀ ਗੁਰਬਚਨ ਸਿੰਘ ਨੇ ਹਰਿਦੁਆਰ ਸਥਿਤ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਗੁਰਦੁਆਰੇ ਦੀ ਮੁੜ੍ਹ ਉਸਾਰੀ ਦੀ ਮੁਹਿੰਮ ਲਈ ਸਮੁੱਚੀ ਕੌਮ ਨੂੰ ਇਕ ਮੰਚ ’ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਇਸ ਤਹਿਤ ਦੇਸ਼-ਵਿਦੇਸ਼ ਦੀ ਸੰਗਤ ਨੂੰ 14 ਮਈ ਨੂੰ ਆਪੋ-ਆਪਣੇ ਨਗਰ ਦੇ ਗੁਰਦੁਆਰਿਆਂ ਜਾਂ ਘਰਾਂ ਵਿੱਚ ਜਪੁਜੀ ਸਾਹਿਬ ਦੇ ਪਾਠ ਅਤੇ ਅਰਦਾਸ ਕਰਨ ਦੀ ਅਪੀਲ ਕੀਤੀ ਗਈ, ਜਿਸ ਮਗਰੋਂ ਅਗਲਾ ਸਾਂਝਾ ਪ੍ਰੋਗਰਾਮ ਜਾਰੀ ਕੀਤਾ ਜਾਵੇਗਾ।
ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਸਮੇਤ ਹੋਰ ਅਹੁਦੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਤੇ ਹੋਰ ਮੈਂਬਰ ਸਾਂਝੇ ਰੂਪ ਵਿੱਚ ਗਿਆਨੀ ਗੁਰਬਚਨ ਸਿੰਘ ਨੂੰ ਮਿਲੇ। ਦੋਵਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਨਾ ਲਈ ਸਾਂਝੀ ਮੁਹਿੰਮ ਸ਼ੁਰੂ ਕਰਨ ਦੀ ਅਪੀਲ ਕੀਤੀ ਅਤੇ ਇਸ ਮੁਹਿੰਮ ਦੀ ਕਮਾਂਡ ਗਿਆਨੀ ਗੁਰਬਚਨ ਸਿੰਘ ਨੂੰ ਚਲਾਉਣ ਲਈ ਆਖਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਅਪੀਲ ਕੀਤੀ ਹੈ ਕਿ 14 ਮਈ ਨੂੰ ਸਵੇਰੇ ਜਪੁਜੀ ਸਾਹਿਬ ਦੇ ਪਾਠ ਮਗਰੋਂ ਅਰਦਾਸ ਕਰਨ। ਉਨ੍ਹਾਂ ਆਖਿਆ ਕਿ ਹਰਿ ਕੀ ਪਉੜੀ ਵਿਖੇ ਜਿੱਥੇ ਪੁਰਾਤਨ ਗੁਰਦੁਆਰਾ ਸੀ, ਉਹ ਥਾਂ ਲੈਣ ਲਈ ਯਤਨ ਕੀਤਾ ਜਾਵੇਗਾ। ਇਸ ਸਬੰਧੀ ਸ਼ਾਂਤਮਈ ਢੰਗ ਨਾਲ ਮੁਹਿੰਮ ਚਲਾਈ ਜਾਵੇਗੀ।

ਗਿਆਨੀ ਗੁਰਬਚਨ ਸਿੰਘ ਨੇ ਹਰਿਦੁਆਰ ਦੀ ਸਿੱਖ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਕਾਲ ਤਖ਼ਤ ਸਾਹਿਬ ’ਤੇ ਆ ਕੇ ਮੌਜੂਦਾ ਸਥਿਤੀ ਸਪੱਸ਼ਟ ਕਰਨ। ਇਸ ਦੌਰਾਨ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ 1978-79 ਵਿੱਚ ਹਰਿ ਕੀ ਪਉੜੀ ਵਿੱਚ ਪੁਰਾਤਨ ਗੁਰਦੁਆਰਾ ਢਹਿ-ਢੇਰੀ ਕਰ ਦਿੱਤਾ ਗਿਆ ਸੀ, ਜਿੱਥੇ ਹੁਣ ਇਸ ਵੇਲੇ ਸਕਾਊਟ ਐਂਡ ਗਾਇਡ ਦਾ ਦਫ਼ਤਰ ਬਣਿਆ ਹੋਇਆ ਹੈ। ਉਸ ਵੇਲੇ ਇਹ ਗੁਰਦੁਆਰਾ ਲਗਪਗ 10×12 ਫੁੱਟ ਥਾਂ ਵਿੱਚ ਬਣਿਆ ਹੋਇਆ ਸੀ।
ਜ਼ਿਕਰਯੋਗ ਹੈ ਕਿ ਉੱਤਰਾਖੰਡ ਸਰਕਾਰ ਵੱਲੋਂ ਹਰਿ ਕੀ ਪਉੜੀ ਦੀ ਥਾਂ ਹੋਰ ਜਗ੍ਹਾ ਦੇਣ ਦੀ ਪੇਸ਼ਕਸ਼ ਵੀ ਕੀਤੀ ਜਾ ਚੁੱਕੀ ਹੈ। ਸਿੱਖ ਸੰਗਤ ਦੀ ਮੰਗ ਹੈ ਕਿ ਉੱਤਰਾਖੰਡ ਸਰਕਾਰ ਹਰਿ ਕੀ ਪਉੜੀ ਵਿਖੇ ਗੁਰਦੁਆਰੇ ਵਾਲੀ ਅਸਲ ਥਾਂ ਉਤੇ ਕੁਝ ਜਗ੍ਹਾ ਦੇਵੇ, ਜਿੱਥੇ ਸੰਕੇਤਕ ਯਾਦਗਾਰ ਬਣਾਈ ਜਾਵੇ ਅਤੇ ਗੁਰਦੁਆਰਾ ਕਿਸੇ ਹੋਰ ਥਾਂ ਬਣਾਇਆ ਜਾਵੇ।
ਸਬੰਧਤ ਖ਼ਬਰ:
ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਉਸਾਰੀ ਲਈ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ …