ਨਵੀਂ ਦਿੱਲੀ: ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਦੇ ਕ੍ਰਿਪਾਨ ਸਣੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਚ ਦਾਖਲ ਹੋਣ ’ਤੇ ਲੱਗੀ ਰੋਕ ਨੂੰ ਹਟਾਉਣ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਭਾਜਪਾ ਦੇ ਵਿਧਾਇਕ ਅਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਮੈਂਬਰ ਕੁਲਵੰਤ ਸਿੰਘ ਬਾਠ ਨੇ ਇਸ ਸਬੰਧੀ ਕੇਂਦਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ।

ਵਫ਼ਦ ਨੇ ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਵੱਲੋਂ ਸਿੱਖ ਕਰਮਚਾਰੀਆਂ ਨੂੰ ਕ੍ਰਿਪਾਨ ਸਹਿਤ ਨਾ ਦਾਖਲ ਹੋਣ ਦੀ ਦਿੱਤੀ ਗਈ ਹਦਾਇਤ ਨੂੰ ਸੰਵਿਧਾਨ ਦੀ ਉਲੰਘਣਾ ਦੱਸਿਆ ਹੈ। ਦਿੱਲੀ ਕਮੇਟੀ ਨੇ ਕਿਹਾ ਕਿ ਜੇ ਘਰੇਲੂ ਉਡਾਨ ਦੌਰਾਨ ਸਿੱਖ ਯਾਤਰੂ ਕ੍ਰਿਪਾਨ ਧਾਰਣ ਕਰਕੇ ਯਾਤਰਾ ਕਰ ਸਕਦੇ ਹਨ ਤਾਂ ਫਿਰ ਹਵਾਈ ਅੱਡਾ ਕਰਮਚਾਰੀ ਕਿਉਂ ਨਹੀਂ।
ਵਫ਼ਦ ਨੇ ਮੰਤਰੀ ਰਾਜੂ ਨੂੰ ਇਸ ਸਬੰਧੀ ਤੁਰੰਤ ਹਵਾਈ ਅੱਡਾ ਪ੍ਰਸ਼ਾਸਨ ਨੂੰ ਹਿਦਾਇਤ ਜਾਰੀ ਕਰਨ ਦੀ ਮੰਗ ਕੀਤੀ।