ਅੰਮ੍ਰਿਤਸਰ: ਦਲ ਖਾਲਸਾ ਵਲੋਂ ਦਰਬਾਰ ਸਾਹਿਬ ਹਮਲੇ ਦੇ ਰੋਸ ਅਤੇ ਰੋਹ ਵਜੋਂ, ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਲੁੱਟੇ ਵੱਡਮੁੱਲੇ ਖਜ਼ਾਨੇ ਵਿਰੁੱਧ ਅਤੇ ਫੌਜੀ ਹਮਲੇ ਦੌਰਾਨ ਮਾਰੇ ਗਏ ਨਿਰਦੋਸ਼ੇ ਲੋਕਾˆ ਦੇ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਅੰਤਰਰਾਸ਼ਟਰੀ ਸੰਸਥਾ ਯੂ.ਐਨ.ਓ ਕੋਲੋਂ ਕਾਰਵਾਈ ਦੀ ਮੰਗ ਨੂੰ ਲੈ ਕੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿਤਾ ਗਿਆ ਹੈ। ਇਸ ਤੋਂ ਪਹਿਲਾਂ ਜਥੇਬੰਦੀ ਵਲੋਂ 3 ਜੂਨ ਦੀ ਸ਼ਾਮ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕਢਿਆ ਜਾਵੇਗਾ ਜਿਸ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।

ਇਹ ਐਲਾਨ ਅੱਜ ਪਾਰਟੀ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਹਿੰਦੁਸਤਾਨ ਹਕੂਮਤ ਵਲੋਂ ਕੀਤੇ ਇਸ ਕਹਿਰੀ ਹਮਲੇ ਦੀ ਪੀੜ ਸਜਰੀ ਹੈ ਅਤੇ ਜ਼ਖਮ ਹਰੇ ਹਨ। ਉਹਨਾਂ ਕਿਹਾ ਕਿ ਹਿੰਦੁਸਤਾਨੀਆਂ ਦੀ ਨਜ਼ਰ ਵਿੱਚ ਜੋ ਹੈਸੀਐਤ ਜਨਰਲ ਡਾਇਰ ਦੀ ਹੈ ਸਿੱਖਾਂ ਦੀਆਂ ਨਜ਼ਰਾਂ ਵਿੱਚ ਜਨਰਲ ਬਰਾੜ ਦੀ ਉਹ ਹੀ ਹੈਸੀਅਤ ਹੈ।
ਉਹਨਾਂ ਕਿਹਾ 3 ਜੂਨ ਤੋਂ ਲੈ ਕੇ 6 ਜੂਨ ਤੱਕ ਚਲੀ ਫੌਜੀ ਕਾਰਵਾਈ ਦੌਰਾਨ ਸੈਂਕੜੇ ਨਿਹੱਥੇ ਸ਼ਰਧਾਲੂ, ਔਰਤਾਂ, ਸ਼੍ਰੋਮਣੀ ਕਮੇਟੀ ਮੁਲਾਜਮ ਬੇਰਹਿਮੀ ਨਾਲ ਪਿਛੇ ਹੱਥ ਬੰਨ੍ਹ ਕੇ ਮਾਰ ਦਿੱਤੇ ਗਏ। ਉਹਨਾਂ ਸੰਯੁਕਤ ਰਾਸ਼ਟਰ ਅਤੇ ਅਮਰੀਕਾ ਅਤੇ ਚੀਨ ਵਰਗੇ ਤਾਕਤਵਾਰ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਹਮਲੇ ਦੌਰਾਨ ਕੀਤੇ ਨਿਰਦੋਸ਼ਾਂ ਦੇ ਕਤਲੇਆਮ ਦੇ ਦੋਸ਼ ਹੇਠ ਜਨਰਲ (ਸੇਵਾਮੁਕਤ) ਕੇ.ਐਸ. ਬਰਾੜ ਵਿਰੁੱਧ ਅੰਤਰਰਾਸ਼ਟਰੀ ਕਚਿਹਰੀ ਵਿੱਚ ਮੁਕਦਮਾ ਚਲਾਉਣ।
ਉਹਨਾਂ ਕਿਹਾ ਕਿ ਦਰਬਾਰ ਸਾਹਿਬ ਹਮਲੇ ਦੀ 32ਵੀਂ ਵਰੇਗੰਢ ਮੌਕੇ 3 ਜੂਨ ਦੀ ਸ਼ਾਮ ਨੂੰ ਜਥੇਬੰਦੀ ਦੇ ਨੌਜਵਾਨਾਂ ਵਲੋਂ ਇੱਕ ਘੱਲੂਘਾਰਾ ਯਾਦਗਾਰੀ ਮਾਰਚ ਕੱਢਿਆ ਜਾਵੇਗਾ, ਜੋ ਸ਼ਹਿਰ ਦੇ ਪ੍ਰਮੁੱਖ ਹਿਸਿਆਂ ਵਿੱਚ ਨਿਕਲਦਾ ਹੋਇਆ ਅਕਾਲ ਤਖਤ ਸਾਹਿਬ ਵਿਖੇ ਮੁਕੰਮਲ ਹੋਵੇਗਾ ਜਿਥੇ ਸ਼ਹੀਦ ਹੋਣ ਵਾਲੇ ਸਿੰਘ-ਸਿੰਘਣੀਆਂ ਨੂੰ ਸ਼ਰਧਾਜਲੀ ਭੇਂਟ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਨੌਜਵਾਨ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਖਾਲਸਾਈ ਝੰਡੇ ਲੈ ਕੇ ਮਾਰਚ ਵਿੱਚ ਹਿੱਸਾ ਲੈਣਗੇ।
ਪਾਰਟੀ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਸ਼ਹਿਰ ਦੇ ਮੁਸਲਿਮ, ਹਿੰਦੂ ਅਤੇ ਈਸਾਈ ਭਾਈਚਾਰੇ ਤੋˆ ਬੰਦ ਲਈ ਸਹਿਯੋਗ ਮੰਗਦਿਆਂ ਕਿਹਾ ਕਿ ਉਹ ਇੱਕ ਦਿਨ ਲਈ ਆਪਣੇ ਕਾਰੋਬਾਰ ਬੰਦ ਰੱਖਕੇ ਉਸ ਪੀੜ ਨਾਲ ਸਾਂਝ ਪਾਉਣ ਜਿਸ ਵਿੱਚੋਂ ਦੀ ਸਿੱਖ ਪੰਥ ਪਿਛਲੇ 32 ਵਰ੍ਹਿਆ ਤੋਂ ਲੰਘ ਰਿਹਾ ਹੈ। ਉਹਨਾ ਸਪੱਸ਼ਟ ਕੀਤਾ ਕਿ ਉਸ ਦਿਨ ਕਾਰੋਬਾਰੀ ਅਦਾਰੇ, ਪੈਟਰੋਲ ਪੰਪ, ਵਿਦਿਅਕ ਅਦਾਰੇ, ਸਿਨੇਮਾ ਹਾਲ ਅਦਿਕ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸੜਕੀ ਜਾਂ ਰੇਲ ਆਵਾਜਾਈ ਨਹੀਂ ਰੋਕੀ ਜਾਵੇਗੀ ਤੇ ਦਵਾਈਆਂ ਦੀਆਂ ਦੁਕਾਨਾਂ ਵੀ ਖੁਲੀਆਂ ਰਹਿਣਗੀਆਂ।
ਉਹਨਾਂ ਹਮ-ਖਿਆਲੀ ਜਥੇਬੰਦੀਆਂ ਨੂੰ ਕਿਹਾ ਕਿ ਉਹ ਇਸ ਬੰਦ ਦੇ ਸੱਦੇ ਨੂੰ ਆਪਣਾ ਸਮਰਥਨ ਦੇਣ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ ਖੰਡੂਰ, ਰਣਬੀਰ ਸਿੰਘ, ਨੋਬਲਜੀਤ ਸਿੰਘ, ਪਰਮਜੀਤ ਸਿੰਘ ਟਾਂਡਾ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਅਰਵਿੰਦਰ ਸਿੰਘ, ਗਗਨਦੀਪ ਸਿੰਘ ਆਦਿ ਸ਼ਾਮਿਲ ਹੋਏ।