ਲੁਧਿਆਣਾ: ਸਿੱਖ ਕਾਰਜਕਰਤਾ ਭਾਈ ਜੋਗਾ ਸਿੰਘ ਉਰਫ ਖਾਲਿਸਤਾਨੀ ਦਾ ਅੱਜ ਲੁਧਿਆਣਾ ਦੇ ਦਇਆਨੰਦ ਮੈਡੀਕਲ ਕਾਲਜ ਹਸਪਤਾਲ (DMC Hospital) ਵਿਖੇ ਅਕਾਲ ਚਲਾਣਾ ਕਰ ਗਏ। ਭਾਈ ਜੋਗਾ ਸਿੰਘ ਨੂੰ 1 ਜੁਲਾਈ ਨੂੰ ਕਿਸੇ ਗੱਡੀ ਨਾਲ ਠੋਕਰ ਮਾਰੀ ਗਈ ਸੀ ਅਤੇ ਉਹ ਡੀ.ਐਮ.ਸੀ. ਹਸਪਤਾਲ ਦੇ ਆਈ.ਸੀ.ਯੂ. ਵਾਰਡ (ICU) ‘ਚ ਭਰਤੀ ਸੀ।
ਗੱਡੀ ਨਾਲ ਮਾਰ ਕੇ ਭੱਜਣ ਦਾ ਕੇਸ ਕਥਾਵਾਚਕ ਸੰਦੀਪ ਸਿੰਘ ਅਤੇ 6 ਹੋਰ ਬੰਦਿਆਂ ‘ਤੇ ਦਰਜ ਕੀਤਾ ਗਿਆ ਸੀ। ਇਹ ਕੇਸ ਥਾਣਾ ਹੈਬੋਵਾਲ (ਲੁਧਿਆਣਾ) ਵਿਖੇ ਐਫ.ਆਈ.ਆਰ. ਨੰ: 87/2016, ਧਾਰਾ 307 ਅਧੀਨ ਦਰਜ ਕੀਤਾ ਗਿਆ ਸੀ।

ਇਨ੍ਹਾਂ ਵਿਚੋਂ ਪੰਜ ਬੰਦਿਆਂ ਨੂੰ ਅਦਾਲਤ ਵਲੋਂ ਜ਼ਮਾਨਤ ਮਿਲ ਗਈ ਸੀ ਜਦਕਿ ਸੰਦੀਪ ਸਿੰਘ ਅਤੇ ਉਸਦਾ ਭਰਾ ਪ੍ਰਦੀਪ ਸਿੰਘ ਨੇ ਅਗਲੇ ਹੁਕਮਾਂ ਤਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਸਟੇਅ ਲਈ ਹੋਈ ਸੀ।
ਜੋਗਾ ਸਿੰਘ ਆਪਣੇ ਪਿੱਛੇ ਆਪਣੇ ਮਾਂ-ਪਿਉ, ਪਤਨੀ ਅਤੇ ਦੋ ਬੱਚੇ ਛੱਡ ਗਏ ਹਨ। ਉਨ੍ਹਾਂ ਦਾ ਪਰਿਵਾਰ ਢੰਡਾਰੀ ਕਲਾਂ, ਲੁਧਿਆਣਾ ਵਿਖੇ ਰਹਿੰਦਾ ਹੈ।