ਅੰਮ੍ਰਿਤਸਰ: ਸਿਰਸਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਦੇ ਵਿਵਾਦ ਦੇ ਚਲਦਿਆਂ, ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਤਖਤਾਂ ਦੇ ਜਥੇਦਾਰਾਂ ਤੇ ਅਸਤੀਫੇ ਦੇਣ ਲਈ ਦਬਾਅ ਬਨਾਉਣ ਦੇ ਮੰਤਵ ਨਾਲ ਉਹਨਾਂ ਵਿਰੁੱਧ ਪੋਸਟਰ ਮੁਹਿੰਮ ਦਾ ਆਗਾਜ਼ ਕੀਤਾ ਹੈ। ਪੋਸਟਰ ਰਾਹੀਂ ਸੰਗਤਾਂ ਨੂੰ ਜਥੇਦਾਰਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਹੈ। ਇਨ੍ਹਾਂ ਸਿੱਖ ਜਥੇਬੰਦੀਆਂ, ਜਿਨ੍ਹਾਂ ਨੇ ਹਾਲ ਹੀ ਵਿੱਚ ਏਕਤਾ ਦਾ ਅਮਲ ਸ਼ੁਰੂ ਕੀਤਾ ਹੈ, ਨਾਲ ਜੁੜੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਇਹ ਪੋਸਟਰ ਦਰਬਾਰ ਸਾਹਿਬ ਸਮੇਤ ਸ਼ਹਿਰ ਦੇ ਗੁਰਦੁਆਰਿਆਂ ਦੇ ਬਾਹਰ ਲਗਾਏ ਹਨ।
ਪੋਸਟਰ ਵਿੱਚ ਮਨਮੱਤੀ ਫੈਸਲੇ ਕਰ, ਤਖਤਾਂ ਦੀ ਮਾਣ-ਮਰਿਯਾਦਾ ਤੇ ਰਵਾਇਤਾਂ ਨੂੰ ਰੋਲਣ ਦਾ ਜਥੇਦਾਰਾਂ ਉਤੇ ਇਲਜ਼ਾਮ ਲਗਾਇਆ ਗਿਆ ਹੈ। ਲਿਖਿਆ ਗਿਆ ਹੈ ਕਿ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਦੋਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇ ਕੇ ਜਥੇਦਾਰਾਂ ਨੇ ਕੌਮ ਨੂੰ ਸ਼ਰਮਸਾਰ ਕੀਤਾ ਹੈ।

ਜਥੇਬੰਦੀ ਨੇ ਦੋਸ਼ ਲਾਇਆ ਕਿ ਮੌਕਾਪ੍ਰਸਤ ਤੇ ਭ੍ਰਿਸ਼ਟ ਅਕਾਲੀ ਰਾਜਨੀਤੀ ਦੇ ਹੱਥਠੋਕਾ ਬਣਕੇ ਜਥੇਦਾਰਾਂ ਨੇ ਪੰਥ ਦੇ ਭਰੋਸੇ ਦਾ ਘਾਣ ਕੀਤਾ ਹੈ। ਉਹਨਾਂ ਜੋਰ ਦੇਂਦਿਆਂ ਕਿਹਾ ਕਿ ਖਾਲਸਾ ਪੰਥ ਦਾ ਵਿਸ਼ਵਾਸ ਗੁਆ ਚੁੱਕੇ ਜਥੇਦਾਰਾਂ ਨੂੰ ਅਹੁਦੇ ਛੱਡ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਪੰਥ-ਦਰਦੀਆਂ ਦੇ ਮਨਾਂ ਵਿੱਚ ਜਥੇਦਾਰਾਂ ਦੇ ਇਸ ਫੈਸਲੇ ਪ੍ਰਤੀ ਰੋਸ ਤੇ ਰੋਹ ਹੈ।
READ THIS NEWS IN ENGLISH:
Poster campaign against Takhat Jathedars: Resign or face boycott
ਦੋਹਾਂ ਦਲਾਂ ਵਲੋਂ ਗੱਲ-ਬਾਤ ਕਰਦਿਆਂ ਕੰਵਰਪਾਲ ਸਿੰਘ ਨੇ ਕਿਹਾ ਕਿ ਲੋਕਾਂ ਵਿੱਚ ਜਥੇਦਾਰਾਂ ਦੇ ਮਨਮੱਤੀ ਫੈਸਲਿਆਂ ਵਿਰੁੱਧ ਜਾਗਰਤੀ ਲਿਆਉਣ ਲਈ ਇਹ ਪੋਸਟਰ ਪੰਜਾਬ ਭਰ ਦੇ ਗੁਰਦੁਆਰਿਆਂ ਵਿੱਚ ਲਗਾਏ ਜਾਣਗੇ। ਉਹਨਾਂ ਕਿਹਾ ਕਿ ਜਥੇਦਾਰਾਂ ਨੇ ਅਕਾਲੀ ਪਾਰਟੀ ਦੇ ਦਬਾਅ ਹੇਠ ਇਹ ਫੈਸਲੇ ਕਰਕੇ ਆਪਣੇ ਅਧਿਕਾਰਾਂ ਅਤੇ ਤਖਤ ਦੇ ਸਵੈਮਾਨ ਨੂੰ ਰਾਜਨੀਤਿਕ ਲੋਕਾਂ ਦੇ ਹਿੱਤਾਂ ਤੋਂ ਕੁਰਬਾਨ ਕੀਤਾ ਹੈ। ਉਹਨਾਂ ਪੁਛਿਆ ਕਿ ਕੌਣ ਜ਼ਿਮੇਵਾਰ ਹੈ ਧਾਰਮਿਕ ਸੰਸਥਾ ਨੂੰ ਰਾਜਨੀਤਕ ਹਿੱਤਾਂ ਦੀ ਬਲੀ ਚੜ੍ਹਾਉਣ ਲਈ? ਉਹਨਾਂ ਕਿਹਾ ਕਿ ਅਕਾਲੀਆਂ ਨੇ ਡੇਰੇ ਪ੍ਰੇਮੀਆਂ ਦੀਆਂ ਵੋਟਾਂ ਖਾਤਿਰ ਧਾਰਮਿਕ ਸੰਸਥਾਵਾਂ ਦਾ ਦੁਰਉਪਯੋਗ ਕੀਤਾ ਹੈ, ਸੋ ਅਜਿਹੀ ਪਾਰਟੀ ਸਿੱਖਾਂ ਦੀਆਂ ਵੋਟਾਂ ਦੀ ਹੱਕਦਾਰ ਨਹੀਂ ਹੈ। ਉਹਨਾਂ ਚੇਤੰਨ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਰਤਾਰੇ ਨੂੰ ਸਮਝਣ ਅਤੇ ਬਾਦਲਕਿਆਂ ਨੂੰ ਕੌਮੀ ਹਿੱਤਾਂ ਨਾਲ ਖਿਲਵਾੜ ਕਰਨ ਬਦਲੇ ਉਹਨਾਂ ਦੀ ਸਹੀ ਬਣਦੀ ਜਗਾ ਦਿਖਾਉਣ।
ਉਹਨਾਂ ਭਰੇ ਮਨ ਨਾਲ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਅਤੇ ਸੌਦਾ ਸਾਧ ਨੂੰ ਮੁਆਫੀ ਦੇਣ ਦੇ ਜਥੇਦਾਰਾਂ ਦੇ ਫੈਸਲੇ ਨੇ ਕੌਮ ਅੰਦਰ ਪਾਟੋ-ਧਾੜ ਪੈਦਾ ਕੀਤੀ ਹੈ ਜੋ ਪੰਥ ਲਈ ਖਤਰਨਾਕ ਹੈ।